ਮੈਲਬਰਨ: ਆਸਟ੍ਰੇਲੀਆ ਦੇ ਇੱਕ ਬਗੀਚੇ ਨੂੰ ਦੁਨੀਆਂ ਦੇ ਸਭ ਤੋਂ ਕਰੂਪ ਜਾਂ ਭੱਦੇ ਬਗੀਚੇ ਦਾ ਖਿਤਾਬ ਮਿਲਿਆ ਹੈ। ਤਸਮਾਨੀਆ ਦੇ ਸੈਂਡਫ਼ੋਰਡ ’ਚ ਰਹਿਣ ਵਾਲੀ ਕੈਥਲੀਨ ਮੁਰੇ ਨੇ ਇਹ ਅਜੀਬੋ-ਗ਼ਰੀਬ ਖਿਤਾਬ ਜਿੱਤਿਆ ਹੈ। ਇਹ ਮੁਕਾਬਲਾ ਸਵੀਡਨ ਦੇ ਗੋਟਲੈਂਡ ਦੀ ਅਧਿਕਾਰਡ ਵੈੱਬਸਾਈਟ ’ਤੇ ਲਾਂਚ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਆਪਣੇ ਸੁੱਕੇ ਬਗੀਚੇ ਦੀਆਂ ਤਸਵੀਰਾਂ ਭੇਜਣ ਲਈ ਕਿਹਾ ਗਿਆ ਸੀ।
ਅਸਲ ’ਚ ਇਹ ਪ੍ਰਾਜੈਕਟ ਆਲਮੀ ਪੱਧਰ ’ਤੇ ਪਾਣੀ ਦੀ ਬਚਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਬਗੀਚਿਆਂ ਨੂੰ ਸੋਹਣਾ ਬਣਾਈ ਰੱਖਣ ਲਈ ਵੱਡੀ ਮਾਤਰਾ ਵਿੱਚ ਪਾਣੀ ਦੀ ਲੋੜ ਹੋ ਸਕਦੀ ਹੈ, ਜਿਸ ਕਾਰਨ ਇਹ ਕੰਮ ਜਲਵਾਯੂ ਤਬਦੀਲੀ ਰੋਕਣ ਲਈ ਕੰਮ ਕਰਨ ਵਾਲਿਆਂ ਦੀ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਹੈ। ਮੁਕਾਬਲਾ ਹਾਲੀਵੁੱਡ ਅਦਾਕਾਰਾ ਅਤੇ ਵਾਤਾਵਰਣ ਪ੍ਰੇਮੀ ਸ਼ੈਲੀਨ ਵੁੱਡਲੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਨੇ ਇਸ ਮੁਕਾਬਲੇ ਨੂੰ “ਲੋਕਾਂ ਨੂੰ ਘੱਟ ਪਾਣੀ ਦੀ ਵਰਤੋਂ ਕਰਨ ਲਈ ਪ੍ਰਭਾਵਤ ਕਰਨ ਦਾ ਇੱਕ ਸ਼ਾਨਦਾਰ ਤਰੀਕਾ” ਦੱਸਿਆ।