ਮੈਲਬਰਨ: ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਹਵਾ ਪ੍ਰਦੂਸ਼ਣ ਗੱਡੀਆਂ ਜਾਂ ਫ਼ੈਕਟਰੀਆਂ ਦੇ ਧੂੰਏਂ ਕਾਰਨ ਫੈਲਦਾ ਹੈ ਅਤੇ ਘਰਾਂ ਅੰਦਰ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ। ਪਰ ਅਜਿਹਾ ਨਹੀਂ ਹੈ। ਆਸਟ੍ਰੇਲੀਆ ਵਿਚ ਘਰਾਂ ਅਤੇ ਹੋਰ ਇਮਾਰਤਾਂ ਅੰਦਰਲਾ ਹਵਾ ਪ੍ਰਦੂਸ਼ਣ (Indoor air quality) ਵਿਸ਼ਵ ਸਿਹਤ ਸੰਗਠਨ (WHO) ਦੀ ਸੁਰੱਖਿਅਤ ਹਵਾ ਦੀ ਹੱਦ ਤੋਂ ਵੱਧ ਹੈ ਅਤੇ ਖੁੱਲ੍ਹੀ ਹਵਾ ਦੀ ਕੁਆਲਿਟੀ ਤੋਂ ਵੀ ਬਦਤਰ ਹੋ ਸਕਦਾ ਹੈ। ਇਹ ਜਾਣਕਾਰੀ ਡਾਇਸਨ ਦੇ ਗਲੋਬਲ ਏਅਰ ਕੁਆਲਿਟੀ ਕੁਨੈਕਟਡ ਡਾਟਾ ਪ੍ਰੋਜੈਕਟ ਹੇਠ ਜਾਰੀ ਕੀਤੀ ਗਈ ਹੈ, ਜਿਸ ਅਧੀਨ 2022 ਵਿੱਚ ਦੁਨੀਆ ਭਰ ਦੇ 34 ਲੱਖ ਡਾਇਸਨ ਏਅਰ ਪਿਊਰੀਫਾਇਰਾਂ ਤੋਂ ਡਾਟਾ ਇਕੱਤਰ ਕੀਤਾ ਗਿਆ। ਪ੍ਰਾਜੈਕਟ ’ਚ ਆਸਟ੍ਰੇਲੀਆ ਦੇ ਵੀ 1 ਲੱਖ ਤੋਂ ਵੱਧ ਘਰ ਸ਼ਾਮਲ ਹਨ।
ਡਾਇਸਨ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ‘ਚ ਇਨਡੋਰ ਪਾਰਟੀਕਲ ਪ੍ਰਦੂਸ਼ਣ ਦਾ ਪੱਧਰ ਜੁਲਾਈ ‘ਚ 8.31μg/m³ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ, ਜੋ ਕਿ ਵਿਸ਼ਵ ਸਿਹਤ ਸੰਗਠਨ ਦੇ 5μg/m³ ਦੇ ਮਾਪਦੰਡ ਨੂੰ ਪਾਰ ਕਰ ਗਿਆ। ਅਧਿਐਨ ’ਚ ਸ਼ਾਮਲ ਸਾਰੇ 39 ਦੇਸ਼ WHO ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ। ਭਾਰਤ ਅਤੇ ਚੀਨ ’ਚ ਹਾਲਤ ਸਭ ਤੋਂ ਬਦਤਰ ਰਹੀ। ਜਦਕਿ ਆਸਟ੍ਰੇਲੀਆ 28ਵੇਂ ਸਥਾਨ ‘ਤੇ ਹੈ।
ਘਰਾਂ ਅੰਦਰ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਖਾਣਾ ਪਕਾਉਣ ਅਤੇ ਘਰਾਂ ਨੂੰ ਗਰਮ ਰੱਖਣ ਲਈ ਪ੍ਰਯੋਗ ਗੈਸ, ਧੂੜ ਅਤੇ ਪਾਲਤੂ ਜਾਨਵਰਾਂ ਦੇ ਵਾਲ ਆਦਿ, ਡੀਓਡਰੈਂਟ, ਮੋਮਬੱਤੀਆਂ ਅਤੇ ਫ਼ਰਨੀਚਰ ਹਨ। ਡਾਇਸਨ ਨੇ ਕਿਹਾ ਕਿ ਸਿਡਨੀ ’ਚ ਵਿਸ਼ਵ ਪੱਧਰ ‘ਤੇ ਇਮਾਰਤਾਂ ਅੰਦਰ ਸਭ ਤੋਂ ਘੱਟ ਪ੍ਰਦੂਸ਼ਣ ਦਰਜ ਕੀਤਾ ਗਿਆ।