ਮੈਲਬਰਨ: ਮੈਲਬਰਨ ਦੀ ਵੈਲਿੰਗਟਨ ਰੋਡ ’ਤੇ ਭਿਆਨਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਵੇਰੇ 8:50 ਵਜੇ ਪੱਛਮ ਦਿਸ਼ਾ ਵਲ ਜਾ ਰਹੇ ਇੱਕ ਟਰੱਕ ਨੇ ਯੂਨੇਸ਼ ਨਾਇਡੂ ਦੀ ਕਾਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਕਾਰ ਪਲਟ ਗਈ ਅਤੇ ਟਰੱਕ ਹੇਠਾਂ ਫਸ ਗਈ। ਟਰੱਕ ਕਈ ਮੀਟਰ ਦੂਰ ਤਕ ਕਾਰ ਨੂੰ ਘੜੀਸਦਾ ਲੈ ਗਿਆ। ਦੋ ਬੱਚਿਆਂ ਦਾ ਪਿਤਾ ਨਾਇਡੂ ਸਪਲਾਈ ਚੇਨ ਡਾਇਰੈਕਟਰ ਵੱਜੋਂ ਕੰਮ ਕਰਦਾ ਸੀ।
30 ਟਨ ਦਾ ਟਰੱਕ ਲਾਲ ਬੱਤੀ ਦੀ ਉਲੰਘਣਾ ਕਰਨ ਤੋਂ ਬਾਅਦ ਤੇਜ਼ ਰਫ਼ਤਾਰ ਨਾਲ ਨਾਇਡੂ ਦੀ ਕਾਰ ’ਚ ਵੱਜਾ ਅਤੇ ਫਿਰ ਦੋ ਹੋਰ ਕਾਰਾਂ ਨਾਲ ਵੀ ਟਕਰਾਇਆ। ਇੱਕ ਕਾਰ ’ਚ ਬੈਠੀ ਔਰਤ ਵੀ ਜ਼ਖਮੀ ਹੋਈ ਹੈ, ਜਦਕਿ 27 ਸਾਲਾਂ ਦਾ ਟਰੱਕ ਡਰਾਈਵਰ ਬਿਲਕੁਲ ਠੀਕ ਹੈ। ਉਸ ਦੇ ਦੋਸਤਾਂ ਨੇ ਦਸਿਆ ਕਿ ਉਹ ਤਜਰਬੇਕਾਰ ਟਰੱਕ ਡਰਾਈਵਰ ਹੈ ਅਤੇ 10 ਸਾਲ ਪਹਿਲਾਂ ਭਾਰਤ ਤੋਂ ਆਇਆ ਸੀ।
ਚਸ਼ਮਦੀਦਾਂ ਅਨੁਸਾਰ ਟੱਕਰ ਤੋਂ ਪਹਿਲਾਂ ਉਨ੍ਹਾਂ ਨੇ ਦੇਰ ਤਕ ਵਜ ਰਹੇ ਉੱਚੀ ਹੌਰਨ ਦੀ ਆਵਾਜ਼ ਸੁਣੀ ਸੀ। ਜਾਂਚ ਕੀਤੀ ਜਾ ਰਹੀ ਹੈ ਕਿ ਕੀ ਟੱਕਰ ਤੋਂ ਪਹਿਲਾਂ ਟਰੱਕ ਦੀ ਬ੍ਰੇਕ ਫ਼ੇਲ੍ਹ ਹੋ ਗਈ ਸੀ। ਵਿਕਟੋਰੀਆ ਸਟੇਟ ’ਚ ਇਸ ਸਾਲ ਹੋਈ ਇਹ ਸੜਕੀ ਹਾਦਸੇ ’ਚ ਪੰਜਵੀਂ ਮੌਤ ਹੈ।