ਮੈਲਬਰਨ: ਆਸਟ੍ਰੇਲੀਆ ’ਚ ਪ੍ਰਮੁੱਖ ਰਿਟੇਲਰ ਅਤੇ ਕਿਸਾਨ ਆਹਮੋ-ਸਾਹਮਣੇ ਹਨ। ਤੋਰੀਆਂ ਪੈਦਾ ਕਰਨ ਵਾਲੇ ਇੱਕ ਕਿਸਾਨ ਰੌਸ ਮਾਰਸੋਲੀਨੋ, ਅਤੇ ਉਸ ਵਰਗੇ ਕਈ ਹੋਰ ਕਿਸਾਨਾਂ ਦਾ ਦਾਅਵਾ ਹੈ ਕਿ ਸੁਪਰਮਾਰਕੀਟਾਂ ਉਨ੍ਹਾਂ ਦੀ ਉਪਜ ਨੂੰ ਕਿਸਾਨਾਂ ਨੂੰ ਅਦਾ ਕੀਤੇ ਜਾਣ ਵਾਲੇ ਭੁਗਤਾਨ ਨਾਲੋਂ ਕਾਫ਼ੀ ਜ਼ਿਆਦਾ ਕੀਮਤਾਂ ‘ਤੇ ਵੇਚ ਰਹੀਆਂ ਹਨ।
ਉਦਾਹਰਣ ਵਜੋਂ, ਮਾਰਸੋਲੀਨੋ ਦੱਸਦਾ ਹੈ ਕਿ ਸੁਪਰਮਾਰਕੀਟ ਉਸ ਨੂੰ ਤੋਰੀਆਂ ਲਈ 2.20 ਡਾਲਰ ਪ੍ਰਤੀ ਕਿਲੋ ਅਦਾ ਕਰਦੇ ਹਨ, ਪਰ ਗਾਹਕਾਂ ਤੋਂ ਇਸ ਦੇ 6.60 ਪ੍ਰਤੀ ਕਿਲੋ ਲਏ ਜਾਂਦੇ ਹਨ। ਕਿਸਾਨ ਸ਼ਾਨ ਜੈਕਸਨ ਨੇ ਵੀ ਇਸੇ ਭਾਵਨਾ ਨੂੰ ਦੁਹਰਾਉਂਦਿਆਂ ਕਿਹਾ ਕਿ ਕੀਮਤਾਂ ਦਾ ਇਹ ਫ਼ਰਕ ਉਦਯੋਗ ਨੂੰ “ਤਬਾਹ” ਕਰ ਰਿਹਾ ਹੈ ਅਤੇ ਸੁਪਰਮਾਰਕੀਟਾਂ ਨੂੰ ਪਾਰਦਰਸ਼ਤਾ ਲਈ ਥੋਕ ਕੀਮਤਾਂ ਪ੍ਰਕਾਸ਼ਤ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਆਪਣੀ ਉਪਜ ਦੀ ਬਣਦੀ ਕੀਮਤ ਨਾ ਮਿਲਣ ਕਾਰਨ ਕਿਸਾਨ ਦੀਆਂ ਜੇਬ੍ਹਾਂ ਖ਼ਾਲੀ ਹੋ ਰਹੀਆਂ ਹਨ। ਜੈਕਸਨ ਵਰਗੇ ਕੁਝ ਕਿਸਾਨਾਂ ਨੇ ਪਹਿਲਾਂ ਹੀ ਕਿਤੇ ਹੋਰ ਖਰੀਦਦਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਚਿੰਤਾਵਾਂ ਦੇ ਜਵਾਬ ਵਿੱਚ ਫ਼ੈਡਰਲ ਸਰਕਾਰ ਨੇ ਕਿਸਾਨਾਂ ਅਤੇ ਪ੍ਰਮੁੱਖ ਰਿਟੇਲਰਾਂ ਵਿਚਾਲੇ ਵਧਦੇ ਤਣਾਅ ਕਾਰਨ ਸੁਪਰਮਾਰਕੀਟ ਕੋਡ ਆਫ ਕੰਡਕਟ ਦੀ ਸਮੀਖਿਆ ਕਰਨ ਲਈ ਤਿਆਰ ਹੈ। ਸੈਨੇਟ ਦੀ ਜਾਂਚ Coles ਅਤੇ Woolworths ਵਰਗੇ ਸੁਪਰਮਾਰਕੀਟ ਦਿੱਗਜ਼ਾਂ ਦੀ ਜਾਂਚ ਕਰੇਗੀ। Coles ਅਤੇ Woolworths ਦੋਵਾਂ ਨੇ ਕਿਹਾ ਹੈ ਕਿ ਉਹ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ।