ਮੈਲਬਰਨ: ਫ਼ੈਡਰਲ ਸਰਕਾਰ ਆਸਟ੍ਰੇਲੀਆਈ ਫ਼ੌਜ (Australian Army) ’ਚ ਵਿਦੇਸ਼ਾਂ ’ਚੋਂ ਸਿਖਲਾਈ ਪ੍ਰਾਪਤ ਫ਼ੌਜੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਡਿਫ਼ੈਂਸ ਮੰਤਰੀ ਮੈਟ ਕੋਗ ਨੇ ਕਿਹਾ, ‘‘ਅਸੀਂ ਫ਼ੌਜ ਦਾ ਵਿਸਤਾਰ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਾਂ ਅਤੇ ਇਸ ਗੱਲ ’ਤੇ ਧਿਆਨ ਦੇ ਰਹੇ ਹਾਂ ਕਿ ਅਸੀਂ ਹੋਰਨਾਂ ਮਿੱਤਰ ਦੇਸ਼ਾਂ ਦੇ ਫ਼ੌਜੀਆਂ ਨੂੰ ਕਿਸ ਤਰ੍ਹਾਂ ਆਪਣੀ ਫ਼ੌਜ ’ਚ ਭਰਤੀ ਕਰ ਸਕੀਏ।’’
ਹਾਲਾਂਕਿ ਉਨ੍ਹਾਂ ਕਿਹਾ ਕਿ ਹੋਰਨਾਂ ਦੇਸ਼ਾਂ ਦੇ ਤਜਰਬੇਕਾਰ ਫ਼ੌਜੀਆਂ ਨੂੰ ‘ਫੁੰਡਣ’ ਦੀ ਕੋਸ਼ਿਸ਼ ਨਹੀਂ ਹੋਵੇਗੀ, ਤਾਂ ਕਿ ਮਿੱਤਰ ਦੇਸ਼ਾਂ ਨਾਲ ਰਿਸ਼ਤੇ ਨਾ ਵਿਗੜਨ। ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ’ਚ ਬਹੁਤ ਘੱਟ ਬੇਰੁਜ਼ਗਾਰੀ ਦਰ ਲੋਕਾਂ ਨੂੰ ਫ਼ੌਜੀ ਬਣਾਉਣ ਅਤੇ ਸਾਰੀ ਜ਼ਿੰਦਗੀ ਫ਼ੌਜੀ ਬਣੇ ਰਹਿਣ ਦੇ ਰਾਹ ’ਚ ਸਭ ਤੋਂ ਵੱਡੀ ਰੁਕਾਵਟ ਹੈ। ਸਰਕਾਰ ਨੇ ਪਿੱਛੇ ਜਿਹੇ ਜੂਨੀਅਰ ਰੈਂਕ ਦੇ ਮੈਂਬਰਾਂ ਨੂੰ ਫ਼ੌਜੀ ’ਚ ਬਣੇ ਰਹਿਣ ਲਈ 50 ਹਜ਼ਾਰ ਡਾਲਰ ਦਾ ਬੋਨਸ ਦੇਣ ਦਾ ਐਲਾਨ ਕੀਤਾ ਸੀ।