ਮੈਲਬਰਨ: ਆਸਟ੍ਰੇਲੀਆ ’ਚ Property ਵਿਕਰੀਕਰਤਾਵਾਂ ਲਈ ਚੰਗੀ ਖ਼ਬਰ ਹੈ ਪਰ ਖ਼ਰੀਦਕਾਰਾਂ ਲਈ ਓਨੀ ਚੰਗੀ ਨਹੀਂ। ਪਿਛਲੇ 12 ਮਹੀਨਿਆਂ ਦੌਰਾਨ 8 ਫ਼ੀ ਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਨਵੇਂ ਅੰਕੜਿਆਂ ਅਨੁਸਾਰ 2024 ਦੌਰਾਨ ਕੀਮਤਾਂ ’ਚ 5 ਫ਼ੀ ਸਦੀ ਦਾ ਵਾਧਾ ਹੋਵੇਗਾ।
ਗ੍ਰੇਟਰ ਸਿਡਨੀ ਦੇ 40 ਤੋਂ ਵੱਧ ਸਬਅਰਬ ਹੁਣ 10 ਲੱਖ ਡਾਲਰ ਦੀ ਔਸਤ ਜਾਇਦਾਦ ਮੁੱਲ ਨੂੰ ਪਾਰ ਕਰ ਗਏ ਹਨ। ਬੀਤੇ ਸਾਲ ਪਰਥ ’ਚ ਕੀਮਤਾਂ 15 ਫ਼ੀ ਸਦੀ ਵਧੀਆਂ। ਐਡੀਲੇਡ ਅਤੇ ਬ੍ਰਿਸਬੇਨ ’ਚ ਕੀਮਤਾਂ ਕ੍ਰਮਵਾਰ 11 ਅਤੇ 10 ਫ਼ੀ ਸਦੀ ਵਧੀਆਂ ਅਤੇ ਮੈਲਬਰਨ ’ਚ ਕੀਮਤਾਂ 1 ਫ਼ੀ ਸਦੀ ਵਧੀਆਂ।
AMP ਦੇ ਮੁੱਖ ਅਰਥਸ਼ਾਸਤਰੀ ਸ਼ੇਨ ਓਲੀਵਰ ਨੇ ਕਿਹਾ ਕਿ ਮਜ਼ਬੂਤ ਇਮੀਗ੍ਰੇਸ਼ਨ ਦੇ ਮੱਦੇਨਜ਼ਰ ਸਪਲਾਈ ‘ਚ ਕਮੀ ਕਾਰਨ 2023 ‘ਚ ਪ੍ਰਾਪਰਟੀ ਦੀਆਂ ਕੀਮਤਾਂ ਵਧੀਆਂ, ਪਰ ਉੱਚ ਵਿਆਜ ਦਰਾਂ ਅਤੇ ਕਮਜ਼ੋਰ ਵਿੱਤੀ ਸਮਰੱਥਾ ਕਾਰਨ ਪ੍ਰਾਪਰਟੀ ਦੀਆਂ ਕੀਮਤਾਂ ’ਚ ਉਛਾਲ ਇਸ ਵੇਲੇ ਮੱਠਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ ਦੇ ਅੱਧ ਤਕ ਕੀਮਤਾਂ ’ਚ ਘਟਣਗੀਆਂ, ਪਰ ਜੇਕਰ ਰਿਜ਼ਰਵ ਬੈਂਕ ਨੇ ਵਿਆਜ ਦਰਾਂ ’ਚ ਕਟੌਤੀ ਕੀਤੀ ਤਾਂ ਸਾਲ ਦੇ ਅੰਤ ਤਕ ਇਨ੍ਹਾਂ ’ਚ ਵਾਧਾ ਹੋ ਸਕਦਾ ਹੈ।