ਮੈਲਬਰਨ: ਉੱਤਰੀ ਕੁਈਨਜ਼ਲੈਂਡ ਦੇ ਸਿਹਤ ਅਧਿਕਾਰੀ ਤਿੰਨ ਬਿਮਾਰੀਆਂ ਨੂੰ ਲੈ ਕੇ ਚਿੰਤਤ ਹਨ ਜੋ ਰਿਕਾਰਡ ਹੜ੍ਹਾਂ ਤੋਂ ਬਾਅਦ ਘਰਾਂ ’ਚ ਦਾਖ਼ਲ ਹੋਏ ਪਾਣੀ ਨਾਲ ਆਈ ਮਿੱਟੀ ਅਤੇ ਗੰਦਗੀ ਦੀ ਸਫਾਈ ਕਰ ਰਹੇ ਵਸਨੀਕਾਂ ਅਤੇ ਰਾਹਤ ਕਰਮਚਾਰੀਆਂ ਲਈ ਵੱਡਾ ਖ਼ਤਰਾ (Flood-hit residents warned) ਪੈਦਾ ਕਰ ਸਕਦੀਆਂ ਹਨ। ਇਹ ਬਿਮਾਰੀਆਂ ਗੈਸਟਰੋਐਂਟਰਾਈਟਿਸ, ਲੈਪਟੋਸਪਾਈਰੋਸਿਸ ਅਤੇ ਮਿੱਟੀ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੈ ਜਿਸ ਨੂੰ ਮੇਲੀਓਇਡਸਿਸ ਕਿਹਾ ਜਾਂਦਾ ਹੈ, ਜੋ ਘਾਤਕ ਹੋ ਸਕਦੀ ਹੈ।
ਮੇਲੀਓਇਡਸਿਸ ਉੱਤਰੀ ਆਸਟ੍ਰੇਲੀਆ ਦੀ ਮਿੱਟੀ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਕਾਰਨ ਹੁੰਦਾ ਹੈ, ਜੋ ਹੜ੍ਹਾਂ ਦੌਰਾਨ ਸਤਹ ‘ਤੇ ਆ ਸਕਦਾ ਹੈ। 2019 ਵਿੱਚ ਆਖਰੀ ਵੱਡੇ ਹੜ੍ਹ ਵਿੱਚ, ਮੇਲੀਓਇਡਸਿਸ ਦੀ ਪਛਾਣ ਕੀਤੇ ਗਏ 22 ਲੋਕਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਸੀ। ਇਹ ਹੜ੍ਹ ਦੇ ਪਾਣੀ ਵਿੱਚ ਡੁੱਬਣ, ਪਾਣੀ ਨੂੰ ਨਿਗਲਣ, ਜਾਂ ਹੜ੍ਹ ਦੇ ਪਾਣੀ ਜਾਂ ਚਿੱਕੜ ਤੋਂ ਉੱਠ ਰਹੀ ਭਾਫ਼ ’ਚ ਸਾਹ ਲੈਣ ਨਾਲ ਫੈਲ ਸਕਦਾ ਹੈ। ਲੱਛਣ ਸੰਪਰਕ ਵਿੱਚ ਆਉਣ ਤੋਂ ਕੁਝ ਦਿਨਾਂ ਤੋਂ ਕੁਝ ਹਫ਼ਤਿਆਂ ਬਾਅਦ ਵਿਕਸਤ ਹੋ ਸਕਦੇ ਹਨ ਅਤੇ ਇਨ੍ਹਾਂ ’ਚ ਠੰਢ ਲੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਅਲਸਰ, ਫੋੜੇ ਅਤੇ ਨਿਮੋਨੀਆ ਸ਼ਾਮਲ ਹਨ।
ਹੜ੍ਹ ਦੀਆਂ ਘਟਨਾਵਾਂ ਤੋਂ ਬਾਅਦ ਲੈਪਟੋਸਪਾਇਰੋਸਿਸ ਦੇ ਮਾਮਲੇ ਵੀ ਵੱਧ ਜਾਂਦੇ ਹਨ। ਇਹ ਸੰਕਰਮਿਤ ਜਾਨਵਰਾਂ ਦੇ ਪਿਸ਼ਾਬ ਨਾਲ ਦੂਸ਼ਿਤ ਪਾਣੀ, ਭੋਜਨ ਜਾਂ ਮਿੱਟੀ ਦੇ ਸੰਪਰਕ ਰਾਹੀਂ ਫੈਲਦਾ ਹੈ। ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਮਤਲੀ, ਉਲਟੀਆਂ ਅਤੇ ਖੂਨ ਨਾਲ ਭਰੀਆਂ ਅੱਖਾਂ ਸ਼ਾਮਲ ਹਨ। ਲੈਪਟੋਸਪਾਈਰਾ ਬੈਕਟੀਰੀਆ ਕੀਟਾਣੂਨਾਸ਼ਕਾਂ ਰਾਹੀਂ ਆਸਾਨੀ ਨਾਲ ਖ਼ਤ ਹੋ ਸਕਦੇ ਹਨ।
ਬਿਮਾਰੀਆਂ ਤੋਂ ਬਚਾਅ ਦੇ ਤਰੀਕੇ
ਖਤਰੇ ਨੂੰ ਘੱਟ ਕਰਨ ਲਈ, ਲੋਕਾਂ ਨੂੰ ਹੜ੍ਹ ਦੇ ਪਾਣੀ ਅਤੇ ਚਿੱਕੜ ਦੇ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਸੰਪਰਕ ਤੋਂ ਬਚਿਆ ਨਹੀਂ ਜਾ ਸਕਦਾ, ਤਾਂ ਦਸਤਾਨੇ ਅਤੇ ਬੂਟ ਪਹਿਨਣ ਦੀ ਸਿਫਾਰਸ਼ ਕੀਤੀ ਗਈ ਹੈ। ਸਰੀਰ ‘ਤੇ ਕਿਸੇ ਵੀ ਚਿੱਕੜ ਨੂੰ ਜਿੰਨੀ ਜਲਦੀ ਹੋ ਸਕੇ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਹੜ੍ਹਾਂ ਤੋਂ ਬਾਅਦ ਜੰਮੀ ਗੰਦਗੀ ਦੀ ਸਫਾਈ ਕਰਦੇ ਸਮੇਂ ਮਾਸਕ ਪਹਿਨਣੇ ਚਾਹੀਦੇ ਹਨ।