ਮੈਲਬਰਨ: ਰੌਇਲ ਡੇਲਸਫ਼ੋਰਡ ਹੋਟਲ ਦੇ ਬੀਅਰ ਗਾਰਡਨ ’ਚ ਵਾਪਰੇ ਭਿਆਨਕ ਹਾਦਸੇ ’ਚ ਪੰਜ ਭਾਰਤੀ ਮੂਲ ਦੇ ਲੋਕਾਂ ਦੀ ਮੌਤ ਦਾ ਕਾਰਨ ਬਣਨ ਵਾਲੇ ਵਿਅਕਤੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ ਉਸ ਵੱਲੋਂ ਡਰਾਈਵਿੰਗ ਕਰਨ ’ਤੇ ਅਤੇ ਦੇਸ਼ ਛੱਡ ਕੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
66 ਸਾਲਾਂ ਦੇ ਵਿਲੀਅਮ ਸਵਾਲੇ ਦੇ ਪੁੱਤਰ ਨੇ 250,000 ਡਾਲਰ ਦੀ ਜ਼ਮਾਨਤ ਭਰੀ। ਨਿਊਜ਼ੀਲੈਂਡ ’ਚ ਜਨਮੇ ਸਵਾਲੇ ਨੂੰ ਹਾਦਸੇ ਤੋਂ ਇੱਕ ਮਹੀਨੇ ਬਾਅਦ ਸੋਮਵਾਰ ਨੂੰ, ਖ਼ੁਦ ਹੀ ਪੁਲਿਸ ਸਟੇਸ਼ਨ ’ਚ ਪੇਸ਼ ਹੋਣ ਮਗਰੋਂ, ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ’ਤੇ ਦੋਸ਼ ਲਗਾ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਸੇਵਾਮੁਕਤੀ ਦਾ ਜੀਵਨ ਬਤੀਤ ਕਰ ਰਹੇ ਸਵਾਲੇ ’ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਕਾਰਨ ਮੌਤ ਦੇ ਪੰਜ ਦੋਸ਼, ਲਾਪਰਵਾਹੀ ਨਾਲ ਸੱਟ ਪਹੁੰਚਾਉਣ ਦੇ ਦੋ ਦੋਸ਼ ਅਤੇ ਲਾਪਰਵਾਹੀ ਨਾਲ ਕਿਸੇ ਵਿਅਕਤੀ ਨੂੰ ਮੌਤ ਦੇ ਖਤਰੇ ਵਿੱਚ ਪਾਉਣ ਦੇ ਸੱਤ ਦੋਸ਼ ਲਾਏ ਗਏ ਸਨ।
ਮਾਊਂਟ ਮੈਸੇਡਨ ਵਾਸੀ ਸਵਾਲੇ ਦੇ ਵਕੀਲਾਂ ਨੇ ਇਸ ਘਟਨਾ ਲਈ ਉਸ ਦੀ ਸ਼ੂਗਰ ਦੀ ਬਿਮਾਰੀ ਨੂੰ ਜ਼ਿੰਮੇਵਾਰ ਦਸਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਉਸ ਨੇ ਆਪਣੇ ਫੋਨ ’ਤੇ 9 ਅਲਰਟਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਉਸ ਦਾ ਬਲੱਡ ਸ਼ੂਗਰ ਘੱਟ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸਵਾਲੇ ਘਟਨਾ ਵਾਲੀ ਥਾਂ ‘ਤੇ ਗੱਲਬਾਤ ਕਰਨ ਤੋਂ ਅਸਮਰੱਥ ਸੀ ਅਤੇ ਉਹ ਗਰਮ, ਪਸੀਨੇ ਨਾਲ ਭਰਿਆ ਹੋਇਆ ਸੀ। ਸਵਾਲੇ ਦੀ ਐਸ.ਯੂ.ਵੀ. ਨੇ 5 ਨਵੰਬਰ ਨੂੰ ਸ਼ਾਮ 6 ਵਜੇ ਦੇ ਬਾਅਦ ਰਾਇਲ ਡੇਲਸਫੋਰਡ ਹੋਟਲ ਦੇ ਸਾਹਮਣੇ ਦੇ ਲਾਨ ਵਿੱਚ ਬੈਠੇ ਕਈ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਪ੍ਰਤਿਭਾ ਸ਼ਰਮਾ (44), ਉਸ ਦੀ ਧੀ ਅਨਵੀ (9), ਸਾਥੀ ਜਤਿਨ ਕੁਮਾਰ (30) ਅਤੇ ਉਨ੍ਹਾਂ ਦੇ ਦੋਸਤ ਵਿਵੇਕ ਭਾਟੀਆ (38) ਅਤੇ ਉਸ ਦੇ ਬੇਟੇ ਵਿਹਾਨ (11) ਦੀ ਮੌਤ ਹੋ ਗਈ। ਅਦਾਲਤ ਦੇ ਬਾਹਰ ਪ੍ਰਤਿਭਾ ਸ਼ਰਮਾ ਦੇ ਭਰਾ ਵਿੱਕੀ ਸ਼ਰਮਾ ਨੇ ਕਿਹਾ ਕਿ ਉਹ ਨਿਰਾਸ਼ ਹਨ ਕਿ ਸਵਾਲੇ ਨੂੰ ਜ਼ਮਾਨਤ ਮਿਲ ਗਈ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ ਸਵਾਲੇ ਦਾ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਦਾ ਲੰਬਾ ਇਤਿਹਾਸ ਰਿਹਾ ਹੈ, ਜਿਸ ਕਾਰਨ ਉਸ ਨੂੰ 32 ਵਾਰੀ ਜੁਰਮਾਨੇ ਹੋ ਚੁੱਕੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਸਵਾਲੇ ਕੋਲ ਡਾਇਬਿਟੀਜ਼ ਕਾਰਨ ਸ਼ਰਤਾਂ ਵਾਲਾ ਡਰਾਈਵਰ ਲਾਇਸੈਂਸ ਸੀ ਅਤੇ ਜੂਨ ਵਿਚ ਐਂਡੋਕਰੀਨੋਲੋਜਿਸਟ ਨੇ ਦੱਸਿਆ ਸੀ ਕਿ ਉਸ ਦੀ ਹਾਲਤ ਚੰਗੀ ਤਰ੍ਹਾਂ ਠੀਕ ਹੈ। ਇਹ ਵੀ ਦੱਸਿਆ ਗਿਆ ਕਿ ਸਵਾਲੇ ਦੇ ਵੱਡੀ ਗਿਣਤੀ ਵਿੱਚ ਟ੍ਰੈਫਿਕ ਚਲਾਨ ਹੋਏ ਸਨ, ਪਰ ਉਸ ਦੇ 40 ਸਾਲਾਂ ਦੇ ਡਰਾਈਵਿੰਗ ਕੈਰੀਅਰ ਵਿੱਚ ਸਭ ਤੋਂ ਗੰਭੀਰ ਇੱਕ ਮਹੀਨੇ ਲਈ ਲਾਇਸੈਂਸ ਮੁਅੱਤਲ ਹੋਣਾ ਸੀ। ਉਸ ਦੀ ਅਦਾਲਤ ’ਚ ਅਗਲੀ ਪੇਸ਼ੀ 18 ਅਪ੍ਰੈਲ, 2024 ਨੂੰ ਹੋਵੇਗੀ।
ਕੌਣ ਹੈ ਵਿਲੀਅਮ ਸਵਾਲੇ?
ਸਵਾਲੇ ਅਤੇ ਉਸ ਦੀ ਪਤਨੀ ਥਿਆ ਸਾਲਾਂ ਤੋਂ ਕਰੋੜਾਂ ਡਾਲਰ ਦੀਆਂ ਪ੍ਰਾਪਰਟੀ ਖ਼ਰੀਦ ਅਤੇ ਵੇਚ ਦੇ ਕਾਰੋਬਾਰ ’ਚ ਹਨ। ਨਵੰਬਰ ਵਿਚ ਉਨ੍ਹਾਂ ਨੇ ਕਿਨੇਟਨ ਵਿਚ ਟਾਵਰ ਹਾਊਸ ਨਾਂ ਦਾ ਇਕ ਘਰ ਅੰਦਾਜ਼ਨ 30 ਲੱਖ ਡਾਲਰ ਵਿਚ ਵੇਚ ਦਿੱਤਾ ਸੀ ਅਤੇ ਕੁਝ ਸਾਲ ਪਹਿਲਾਂ ਮੈਲਬਰਨ ਦੇ ਉੱਤਰ-ਪੱਛਮ ਵਿਚ ਸੁੰਦਰ ਵੁੱਡਐਂਡ ਵਿਚ ਗ੍ਰੇਟਨ ਹਾਊਸ ਨਾਂ ਦੀ ਇਕ ਹੋਰ ਜਾਇਦਾਦ ਵੇਚੀ ਸੀ। ਸਵਾਲੇ 2017 ਵਿੱਚ ਚੈਨਲ 7 ਰਿਐਲਿਟੀ ਸ਼ੋਅ ‘ਏ ਮੂਵੇਬਲ ਫੀਸਟ’ ਵਿੱਚ ਨਜ਼ਰ ਆਇਆ ਸੀ ਜਿੱਥੇ ਉਸ ਨੇ ਰੇਡੀਓ ਹੋਸਟ ਰੌਸ ਸਟੀਵਨਸਨ ਅਤੇ ਸਹਿ-ਹੋਸਟ ਕੇਟ ਸਟੀਵਨਸਨ ਨੂੰ ਗ੍ਰੇਟਨ ਜਾਇਦਾਦ ਦਿਖਾਈ ਸੀ। ਮਾਰਚ ਵਿਚ ਰੀਅਲ ਅਸਟੇਟ ਪ੍ਰਕਾਸ਼ਨ ਡੋਮੇਨ ਵਿਚ ਛਪੇ ਇਕ ਲੇਖ ਵਿਚ ਸਵਾਲੇ ਦੀ ਪਤਨੀ ਨੇ ਕਿਹਾ ਸੀ ਕਿ ਉਹ ਜਿਨ੍ਹਾਂ ਕਰੋੜਾਂ ਜਾਇਦਾਦਾਂ ਵਿਚ ਰਹਿੰਦੇ ਸਨ, ਉਹ ਹਮੇਸ਼ਾ ਅਸਥਾਈ ਹੁੰਦੀਆਂ ਹਨ। ਸਵਾਲੇ ਕੋਬਾਵ ਸਪੋਰਟਿੰਗ ਕਲੱਬ ਦਾ ਮੈਂਬਰ ਰਿਹਾ ਹੈ – ਮੈਸੇਡਨ ਰੇਂਜ ਸ਼ੂਟਿੰਗ ਕਲੱਬ ਜਿੱਥੇ ਸ਼ਿਕਾਰੀ ਬ੍ਰਿਟਿਸ਼ ਲੌਰਡਸ ਵਾਂਗ ਸ਼ਿਕਾਰ ਕਰਦੇ ਹਨ। ਹਾਦਸੇ ਵਾਲੇ ਦਿਨ ਸਵਾਲੇ ਕਲੂਨਜ਼ ‘ਚ ਕਲੇਅ ਸ਼ੂਟਿੰਗ ਟੂਰਨਾਮੈਂਟ ਤੋਂ ਵਾਪਸ ਆ ਰਿਹਾ ਸੀ ਜਦੋਂ ਹਾਦਸਾ ਵਾਪਰਿਆ।