ਮੈਲਬਰਨ: ਕਿੰਗ ਚਾਰਲਸ-3 (King Charles III) ਦੀ ਤਸਵੀਰ ਵਾਲਾ ਪਹਿਲਾ ਆਸਟ੍ਰੇਲੀਆਈ ਡਾਲਰ ਦਾ ਸਿੱਕਾ ਬੈਂਕਾਂ ’ਚ ਆ ਗਿਆ ਹੈ ਅਤੇ ਲੋਕ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਆਉਣ ਵਾਲੇ ਮਹੀਨਿਆਂ ਵਿੱਚ ਲੱਖਾਂ ਹੋਰ ਸਿੱਕੇ ਜਾਰੀ ਹੋਣਗੇ, ਜਿਨ੍ਹਾਂ ’ਚ ਇੱਕ ਡਾਲਰ ਤੋਂ ਇਲਾਵਾ ਹੋਰ ਮੁੱਲ ਵਾਲੇ ਸਿੱਕੇ ਵੀ ਸ਼ਾਮਲ ਹਨ। ਚਾਰਲਸ-3 ਆਸਟ੍ਰੇਲੀਆਈ ਡਾਲਰ ਨੂੰ ਸ਼ਿੰਗਾਰਨ ਵਾਲਾ ਸਿਰਫ ਦੂਜਾ ਸਮਰਾਟ ਹਨ। ਉਨ੍ਹਾਂ ਦੀ ਮਾਂ, ਮਹਾਰਾਣੀ ਐਲਿਜ਼ਾਬੈਥ-2, ਦੀ ਤਾਜਪੋਸ਼ੀ ਆਸਟ੍ਰੇਲੀਆ ਵੱਲੋਂ 1960 ਦੇ ਦਹਾਕੇ ਵਿੱਚ ਡਾਲਰ ਅਤੇ ਸੈਂਟ ਅਪਨਾਉਣ ਤੋਂ ਪਹਿਲਾਂ ਹੀ ਹੋ ਗਈ ਸੀ।
ਰਾਇਲ ਆਸਟ੍ਰੇਲੀਆਈ ਮਿੰਟ ਨੇ ਕਿੰਗ ਚਾਰਲਸ-3 ਦੀ ਤਸਵੀਰ ਵਾਲੇ 1 ਡਾਲਰ ਦੇ 35 ਲੱਖ ਸਿੱਕਿਆਂ ਦੀ ਪਹਿਲੀ ਖੇਪ ਬੈਂਕਾਂ ਨੂੰ ਪਹੁੰਚਾ ਦਿੱਤੀ ਹੈ। ਬੈਂਕਾਂ ਦੀ ਮੰਗ ਦੇ ਅਧਾਰ ’ਤੇ ਸਿੱਕਿਆਂ ਦੇ ਬਾਕੀ ਮੁੱਲ ਅਗਲੇ ਸਾਲ ਜਾਰੀ ਕੀਤੇ ਜਾਣਗੇ। ਰਾਜੇ ਦੀ ਤਸਵੀਰ ਵਾਲੇ ਕੁਲੈਕਟਰ ਅਤੇ ਨਿਵੇਸ਼ ਸਿੱਕੇ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਕਰੀ ’ਤੇ ਜਾਣ ਦੀ ਉਮੀਦ ਹੈ।
ਸਹਾਇਕ ਖਜ਼ਾਨਾ ਮੰਤਰੀ ਐਂਡਰਿਊ ਲੇਹ ਨੇ ਕਿਹਾ ਕਿ ਸਿੱਕੇ ਜਾਰੀ ਕਰਨਾ ਆਸਟ੍ਰੇਲੀਆ ਲਈ ਇਕ ਮਹੱਤਵਪੂਰਨ ਘਟਨਾ ਹੈ। ਉਨ੍ਹਾਂ ਕਿਹਾ, ‘‘ਜ਼ਿਆਦਾਤਰ ਆਸਟ੍ਰੇਲੀਆਈ ਲੋਕਾਂ ਲਈ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਨ੍ਹਾਂ ਨੇ ਕਿਸੇ ਮਹਾਰਾਜੇ ਦਾ ਸਿੱਕਾ ਆਪਣੇ ਹੱਥਾਂ ’ਚ ਫੜਿਆ ਹੋਵੇਗਾ। ਇਨ੍ਹਾਂ ਸਿੱਕਿਆਂ ਨੂੰ ਬਣਾਉਣ ਲਈ ਬਹੁਤ ਬਹੁਤ ਮਿਹਨਤ ਕੀਤੀ ਗਈ ਹੈ। ਲੱਖਾਂ ਲੋਕ ਇਸ ਇਤਿਹਾਸ ਦਾ ਹਿੱਸਾ ਬਣਨ ਲਈ ਉਤਸੁਕ ਹੋਣਗੇ।’’
ਉਨ੍ਹਾਂ ਦਸਿਆ ਕਿ ਹਰ ਵਾਰੀ ਤਾਜ ਦੇ ਬਦਲਣ ਨਾਲ ਸਿੱਕੇ ’ਤੇ ਮਹਾਰਾਜਾ ਜਾਂ ਮਹਾਰਾਦੀ ਦੇ ਚਿਹਰੇ ਦੀ ਦਿਸ਼ਾ ਬਦਲ ਜਾਂਦੀ ਹੈ। ਮਹਾਰਾਣੀ ਐਲਿਜ਼ਾਬੈਥ ਦਾ ਚਿਰਾ ਸੱਜੇ ਪਾਸੇ ਵੇਖਦਾ ਸੀ। ਅਤੇ ਕਿੰਗ ਚਾਰਲਸ ਦਾ ਚਿਹਰਾ ਖੱਬੇ ਪਾਸੇ ਹੈ। ਰਾਇਲ ਆਸਟ੍ਰੇਲੀਆਈ ਮਿੰਟ ਨੇ ਪੁਸ਼ਟੀ ਕੀਤੀ ਕਿ ਮਰਹੂਮ ਮਹਾਰਾਣੀ ਦੀ ਤਸਵੀਰ ਵਾਲੇ ਸਿੱਕੇ ਅਤੇ ਨੋਟ ਵੀ ਕਾਨੂੰਨੀ ਬਣੇ ਰਹਿਣਗੇ ਅਤੇ ਕਿੰਗ ਚਾਰਲਸ ਦੀ ਤਸਵੀਰ ਉਨ੍ਹਾਂ ਦੀ ਥਾਂ ਨਹੀਂ ਲਵੇਗੀ।