ਕੁਈਨਜ਼ਲੈਂਡ ’ਚ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ, 10 ਵਿਦਿਆਰਥੀਆਂ ਸਣੇ 11 ਜਣੇ ਜ਼ਖਮੀ (11 Injured in Queensland Crash)

ਮੈਲਬਰਨ: ਕੁਈਨਜ਼ਲੈਂਡ ਵਿਚ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਵਿਚ ਘੱਟੋ-ਘੱਟ ਦੱਸ ਵਿਦਿਆਰਥੀਆਂ ਸਣੇ 11 ਜਣੇ ਜ਼ਖਮੀ (11 Injured in Queensland Crash) ਹੋ ਗਏ। ਇਹ ਗੱਡੀਆਂ ਬੀਨਲੇਹ ਵਿਖੇ ਐਮ 1 ’ਤੇ ਆਪਸ ’ਚ ਭਿੜ ਗਈਆਂ, ਹਾਦਸੇ ਤੋਂ ਬਾਅਦ ਕੁਲ 60 ਸਵਾਰੀਆਂ ਦੀ ਜਾਂਚ ਕੀਤੀ ਗਈ। ਕੁਈਨਜ਼ਲੈਂਡ ਐਂਬੂਲੈਂਸ ਨੇ ਪੁਸ਼ਟੀ ਕੀਤੀ ਕਿ ਇਕ ਮਰੀਜ਼ ਦੀ ਲੱਤ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਕੁਈਨਜ਼ਲੈਂਡ ਚਿਲਡਰਨਜ਼ ਹਸਪਤਾਲ ਲਿਜਾਇਆ ਗਿਆ ਹੈ। ਇਕ ਹੋਰ ਦੀ ਹਾਲਤ ਗੰਭੀਰ ਪਰ ਸਥਿਰ ਹੈ ਅਤੇ ਉਸ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਹੈ। ਕੁੱਲ ਮਿਲਾ ਕੇ ਅੱਠ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ 9:35 ਵਜੇ ਦੇ ਕਰੀਬ ਐਮ 1 ਮੋਟਰਵੇਅ ’ਤੇ ਬੁਲਾਇਆ ਗਿਆ ਸੀ ਜਦੋਂ ਸੜਕ ਦੇ ਕਿਨਾਰੇ ਰੁਕੀ ਇੱਕ ਬੱਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਨੇ ਦੱਸਿਆ ਕਿ ਬੱਸ ‘ਚ 60 ਲੋਕ ਸਵਾਰ ਸਨ, ਜਿਨ੍ਹਾਂ ’ਚ 14-15 ਸਾਲ ਦੀ ਉਮਰ ਦੇ 55 ਵਿਦਿਆਰਥੀ, ਚਾਰ ਅਧਿਆਪਕ ਅਤੇ ਡਰਾਈਵਰ ਸ਼ਾਮਲ ਸਨ। ਟਰੱਕ ’ਚ ਸਿਰਫ਼ ਇੱਕ ਜਣਾ ਬੈਠਿਆ ਸੀ।

ਟੱਕਰ ਤੋਂ ਬਾਅਦ ਐਮ 1 ’ਤੇ ਵੱਡਾ ਜਾਮ ਲੱਗ ਗਿਆ, ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਧਮਾਕੇ ਦੀ ਤੀਬਰਤਾ ਕਾਰਨ ਦੱਖਣ ਵੱਲ ਜਾਣ ਵਾਲੀਆਂ ਚਾਰ ਸੜਕਾਂ ’ਚੋਂ ਦੋ ਬੰਦ ਕਰ ਦਿੱਤੀਆਂ ਗਈਆਂ ਹਨ। ਕੁਈਨਜ਼ਲੈਂਡ ਪੁਲਿਸ ਨੇ ਡੈਸ਼ਕੈਮ ਦੀ ਫ਼ੁਟੇਜ ਪ੍ਰਾਪਤ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ ਹੈ।