ਮੈਲਬਰਨ: ਭਾਰਤ ’ਚ ਹੋ ਰਹੇ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ 2023 ਦੇ ਫ਼ਾਈਨਲ ਮੈਚ (WorldcupFinal) ’ਚ ਇੰਡੀਆ ਅਤੇ ਆਸਟ੍ਰੇਲੀਆ ਦਾ ਮੁਕਾਬਲਾ ਹੋਵੇਗਾ। ਆਸਟ੍ਰੇਲੀਆ ਨੇ ਫਸਵੇਂ ਸੈਮੀਫ਼ਾਈਨਲ ਮੈਚ ’ਚ ਦੱਖਣੀ ਅਫ਼ਰੀਕਾ ਨੂੰ ਤਿੰਨ ਵਿਕੇਟਾਂ ਨਾਲ ਹਰਾ ਕੇ ਅੱਠਵੀਂ ਵਾਰੀ ਵਿਸ਼ਵ ਕੱਪ ਦੇ ਫ਼ਾਈਨਲ ’ਚ ਥਾਂ ਬਣਾਈ ਹੈ।
ਆਸਟ੍ਰੇਲੀਆਈ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਅਤੇ ਮਾਈਕਲ ਸਟਾਰਕ ਨੇ ਸ਼ੁਰੂਆਤੀ ਓਵਰਾਂ ’ਚ ਹੀ ਦਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਜਦੋਂ ਉਸ ਦੇ 24 ਦੌੜਾਂ ’ਤੇ ਚਾਰ ਵਿਕੇਟਾਂ ਡਿੱਗ ਗਈਆਂ ਸਨ। ਹਾਲਾਂਕਿ ਇਸ ਤੋਂ ਬਾਅਦ ਹੈਨਰਿਚ ਕਲਾਸਨ ਦੀਆਂ 47 ਅਤੇ ਡੇਵਿਡ ਮਿੱਲਰ ਦੀਆਂ 101 ਦੌੜਾਂ ਦੀ ਬਦੌਲਤ ਦਖਣੀ ਅਫ਼ਰੀਕੀ ਟੀਮ 212 ਦੌੜਾਂ ਦਾ ਸਕੋਰ ਬਣਾਉਣ ’ਚ ਕਾਮਯਾਬ ਰਹੀ। ਆਸਟ੍ਰੇਲੀਆ ਨੇ ਜਵਾਬ ’ਚ ਚੰਗੀ ਸ਼ੁਰੂਆਤ ਕੀਤੀ ਅਤੇ ਇਸ ਦੇ ਓਪਨਰ ਟਰੈਵਿਸ ਹੀਡ (62) ਅਤੇ ਡੇਵਿਡ ਵਾਰਨਰ (29) ਨੇ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਇਸ ਤੋਂ ਬਾਅਦ ਥੋੜ੍ਹੇ-ਥੋੜ੍ਹੇ ਸਮੇਂ ’ਤੇ ਵਿਕੇਟਾਂ ਡਿੱਗਦੇ ਰਹਿਣ ਕਾਰਨ ਇੱਕ ਵਾਰੀ ਆਸਟ੍ਰੇਲੀਆ ਦਾ ਸਕੋਰ 6 ਵਿਕੇਟਾਂ ’ਤੇ 174 ਦੌੜਾਂ ਹੋ ਗਿਆ ਸੀ। ਪਰ ਮਾਈਕਲ ਸਟਾਰਕ (16*) ਅਤੇ ਕਪਤਾਨ ਪੈਟ ਕਮਿੰਸ (14*) ਨੇ ਆਪਣੀ ਟੀਮ ਨੂੰ ਤਿੰਨ ਵਿਕਟਾਂ ਨਾਲ ਜਿੱਤ ਤਕ ਪਹੁੰਚਾਇਆ।
ਅੱਠਵੀਂ ਵਾਰੀ WorldcupFinal ’ਚ ਪੁੱਜੀ ਆਸਟ੍ਰੇਲੀਆਈ ਟੀਮ
ਪੰਜ ਵਾਰੀ ਵਿਸ਼ਵ ਕੱਪ ਜਿੱਤ ਚੁੱਕੀ ਆਸਟ੍ਰੇਲੀਆ ਦੀ ਟੀਮ ਅੱਠਵੀਂ ਵਾਰੀ ਵਿਸ਼ਵ ਕੱਪ ਦੇ ਫ਼ਾਈਨਲ ਮੈਚ (WorldcupFinal) ’ਚ ਪੁੱਜੀ ਹੈ। ਜਦਕਿ ਭਾਰਤ ਨੇ ਚੌਥੀ ਵਾਰੀ ਫ਼ਾਈਨਲ ਮੈਚ ’ਚ ਥਾਂ ਬਣਾਈ ਹੈ ਅਤੇ ਇਹ ਦੋ ਵਾਰੀ ਵਿਸ਼ਵ ਕੱਪ ਜਿੱਤ ਚੁਕਿਆ ਹੈ। ਫ਼ਾਈਨਲ ਮੈਚ ਗੁਜਰਾਤ ਦੇ ਅਹਿਮਦਾਬਾਦ ਸਥਿਤ ਨਰਿੰਦਰ ਮੋਦੀ ਸਟੇਡੀਅਮ ’ਚ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ 2003 ’ਚ ਫ਼ਾਈਨਲ ਮੈਚ ’ਚ ਆਸਟ੍ਰੇਲੀਆ ਦਾ ਸਾਹਮਣਾ ਕੀਤਾ ਸੀ। ਆਸਟ੍ਰੇਲੀਆ ਨੇ ਉਦੋਂ ਭਾਰਤ ’ਤੇ 125 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ ਅਤੇ ਤੀਜੀ ਵਾਰੀ ਵਿਸ਼ਵ ਕੱਪ ਜੱਤਿਆ ਸੀ। ਇਹ 2007 ’ਚ ਫਿਰ ਵਿਸ਼ਵ ਜੇਤੂ ਬਣਿਆ।
ਹਾਲਾਂਕਿ ਇਸ ਵਾਰੀ ਹਾਲਾਤ ਬਹੁਤ ਵੱਖ ਹਨ। ਦੋਵਾਂ ਟੀਮਾਂ ਵਿਚਾਲੇ ਪਿਛਲੇ ਕੁਝ ਸਮੇਂ ਦੇ ਮੈਚਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਲਾਂ ਦੌਰਾਨ ਦੋਹਾਂ ਵਿਚਕਾਰ ਕਈ ਯਾਦਗਾਰ ਮੈਚ ਹੋਏ ਹਨ। ਹਾਲ ਹੀ ਵਿੱਚ, 2022/23 ਦੌਰਾਨ ਆਸਟ੍ਰੇਲੀਆ ਦੇ ਭਾਰਤ ਦੌਰੇ ਦੌਰਾਨ, ਭਾਰਤ ਨੇ ਬਾਰਡਰ-ਗਾਵਸਕਰ ਟਰਾਫੀ 2-1 ਦੇ ਸਕੋਰ ਨਾਲ ਜਿੱਤੀ ਸੀ। ਆਸਟਰੇਲੀਆ ਵਿੱਚ 2020/21 ਦੀ ਲੜੀ ਵਿੱਚ ਵੀ ਭਾਰਤ ਨੇ 2-1 ਦੇ ਸਕੋਰ ਨਾਲ ਲੜੀ ਜਿੱਤੀ ਸੀ। ਆਸਟ੍ਰੇਲੀਆ ਨੇ ਆਖ਼ਰੀ ਵਾਰੀ 2011/12 ’ਚ ਭਾਰਤ ਵਿਰੁਧ ਕੋਈ ਸੀਰੀਜ਼ ਜਿੱਤੀ ਸੀ ਜਦੋਂ ਇਸ ਨੇ 4-0 ਨਾਲ ਕਲੀਨ ਸਵੀਪ ਕੀਤਾ ਸੀ।
ਭਾਰਤ ਨੇ 8 ਅਕਤੂਬਰ ਨੂੰ ਚੇਨਈ ’ਚ 2023 ਵਿਸ਼ਵ ਕੱਪ ਦੇ ਲੀਗ ਪੜਾਅ ਦੇ ਮੈਚ ’ਚ ਆਸਟ੍ਰੇਲੀਆ ਦੇ ਖਿਲਾਫ ਫਸਵਾਂ ਮੁਕਾਬਲਾ ਜਿੱਤ ਲਿਆ ਸੀ। ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੇ ਆਸਟਰੇਲੀਆ ਨੂੰ 199 ਤੱਕ ਸੀਮਤ ਕਰਨ ’ਚ ਭਾਰਤ ਦੀ ਮਦਦ ਕੀਤੀ, ਜਿਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਦੌਰਾਨ ਇੱਕ ਵਾਰੀ 2 ਦੇ ਸਕੋਰ ’ਤੇ ਪਹਿਲੀਆਂ 3 ਵਿਕਟਾਂ ਡਿੱਗਣ ਮਗਰੋਂ ਭਾਰਤ ’ਚ ਮੁਸ਼ਕਲ ’ਚ ਫਸ ਗਿਆ ਸੀ। ਪਰ ਵਿਰਾਟ ਕੋਹਲੀ (85) ਅਤੇ ਕੇ.ਐੱਲ. ਰਾਹੁਲ (97*) ਨੇ ਚੌਥੀ ਵਿਕਟ ਲਈ 164 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਪਣੀ ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾ ਦਿੱਤਾ। ਇਸ ਤੋਂ ਬਾਅਦ ਰਾਹੁਲ ਅਤੇ ਹਾਰਦਿਕ ਪੰਡਯਾ (11*) ਨੇ ਮੈਚ ਨੂੰ ਆਪਣੀ ਟੀਮ ਦੇ ਹੱਕ ’ਚ ਖ਼ਤਮ ਕੀਤਾ।
ਇਹ ਧਿਆਨ ਦੇਣ ਯੋਗ ਹੈ ਕਿ ਉੱਚ ਦਬਾਅ ਵਾਲੇ ਫਾਈਨਲ ਮੈਚ ਵਿੱਚ ਕੁਝ ਵੀ ਹੋ ਸਕਦਾ ਹੈ, ਅਤੇ ਦੋਵੇਂ ਟੀਮਾਂ ਬਿਨਾਂ ਸ਼ੱਕ ਮੈਦਾਨ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਗੀਆਂ। ਇਹ ਇੱਕ ਰੋਮਾਂਚਕ ਮੈਚ ਹੋਣ ਜਾ ਰਿਹਾ ਹੈ। ਭਾਰਤ ਨੇ ਆਪਣਾ ਪਹਿਲਾ ਵਿਸ਼ਵ ਕੱਪ 1983 ’ਚ ਕਪਿਲ ਦੇਵ ਦੀ ਕਪਤਾਨੀ ਹੇਠ ਵੈਸਟ ਇੰਡੀਜ਼ ਨੂੰ ਹਰਾ ਕੇ ਜਿੱਤਿਆ ਸੀ ਜਦਕਿ 2011 ’ਚ ਹੋਏ ਫ਼ਾਈਨਲ ਮੁਕਾਬਲੇ ’ਚ ਇਸ ਨੇ ਸ੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ।