ਮੈਲਬਰਨ: ਮਾਹਰਾਂ ਨੇ ਆਸਟ੍ਰੇਲੀਆ ’ਚ ਸਾਹ ਨਾਲੀ ਦੇ ਇੱਕ ਖ਼ਤਰਨਾਕ ਰੋਗ ਦੇ ਫੈਲਣ ਦੀ ਚੇਤਾਵਨੀ ਦਿੰਦਿਆਂ ਆਸਟ੍ਰੇਲੀਆਈ ਲੋਕਾਂ ਨੂੰ ਹੂਪਿੰਗ ਖੰਘ ਵੈਕਸੀਨ (Whooping cough vaccination) ਲਗਵਾਉਣ ਦੀ ਅਪੀਲ ਕੀਤੀ ਹੈ। ਹੂਪਿੰਗ ਖੰਘ, ਜਿਸ ਨੂੰ pertussis ਵਜੋਂ ਵੀ ਜਾਣਿਆ ਜਾਂਦਾ ਹੈ, ਪਿਛਲੀ ਵਾਰੀ 2015 ਫੈਲੀ ਸੀ ਜਿਸ ਦੇ 22570 ਕੇਸ ਸਾਹਮਣੇ ਆਏ ਸਨ। ਪਰ ਲਾਗ ਦੇ ਰੋਗ ਮਾਹਰਾਂ ਦਾ ਕਹਿਣਾ ਹੈ ਕਿ ਇਹ ਮਹਾਂਮਾਰੀ ਹਰ ਤਿੰਨ ਤੋਂ ਪੰਜ ਸਾਲਾਂ ਬਾਅਦ ਫੈਲ ਜਾਂਦੀ ਹੈ ਜਿਸ ਕਾਰਨ ਇਹ ਮਹਾਂਮਾਰੀ ਬੱਚਿਆਂ ਅਤੇ ਬਾਲਗਾਂ ਨੂੰ ਆਪਣੀ ਜਦ ’ਚ ਲੈ ਸਕਦੀ ਹੈ।
ਯੂਨੀਵਰਸਿਟੀ ਆਫ਼ ਸਿਡਨੀ ਦੇ ਪ੍ਰੋਫ਼ੈਸਰ ਰੌਬਰਟ ਬੂਈ ਨੇ ਚੇਤਾਵਨੀ ਦਿੱਤੀ ਹੈ ਕਿ ਹੂਪਿੰਗ ਖੰਘ ਇਸ ਬਸੰਤ ਅਤੇ ਗਰਮੀਆਂ ਦੇ ਮੌਸਮ ’ਚ ਸਿਰ ਚੁੱਕ ਸਕਦੀ ਹੈ, ਜਦੋਂ ਇਨਫ਼ੈਕਸ਼ਨ ਆਪਣੇ ਸਿਖਰ ’ਤੇ ਹੁੰਦੇ ਹਨ। ਆਮ ਤੌਰ ’ਤੇ ‘100 ਦਿਨਾਂ ਦੀ ਖੰਘ’ ਵਜੋਂ ਜਾਣੀ ਜਾਂਦੀ ਹੂਪਿੰਗ ਖੰਘ ਦੀ ਬਿਮਾਰੀ ਬਹੁਤ ਛੇਤੀ ਫੈਲਣ ਵਾਲਾ ਬੈਕਟਰੀਆ ਇਨਫ਼ੈਕਸ਼ਨ ਹੈ ਜੋ ਹਵਾ ਰਾਹੀਂ ਹਮਲਾ ਕਰਦਾ ਹੈ। ਇਸ ਕਾਰਨ ਬਹੁਤ ਜ਼ਿਆਦਾ ਖੰਘ ਹੁੰਦੀ ਹੈ ਅਤੇ ਸਾਹ ਲੈਣ ’ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਖੰਘ ਏਨੀ ਜ਼ਿਆਦਾ ਹੋ ਸਕਦੀ ਹੈ ਕਿ ਉਲਟੀ ਵੀ ਆ ਸਕਦੀ ਹੈ, ਪੱਸਲੀਆਂ ਟੁੱਟ ਸਕਦੀਆਂ ਹਨ ਅਤੇ ਹਸਪਤਾਲ ਦਾਖ਼ਲ ਹੋਣਾ ਪੈ ਸਕਦਾ ਹੈ।
ਇਸ ਪੀੜਤ ਵਿਅਕਤੀ ਨੂੰ ਤਿੰਨ ਹਫ਼ਤਿਆਂ ਤਕ ਬਿਮਾਰ ਕਰ ਸਕਦੀ ਹੈ ਜਾਂ ਜਦੋਂ ਤਕ ਉਹ ਐਂਟੀਬਾਈਉਟਿਕ ਕੋਰਸ ਨਹੀਂ ਪੂਰਾ ਕਰ ਲੈਂਦੇ। ਇਸ ਦੇ ਲੱਛਣ ਦੋ ਹਫ਼ਤਿਆਂ ਬਾਅਦ ਹੀ ਨਜ਼ਰ ਆਉਂਦੇ ਹਨ ਅਤੇ ਦਮੇ ਦੇ ਮਰੀਜ਼ਾਂ ਦਾ ਇਸ ਨਾਲ ਸਭ ਤੋਂ ਵੱਧ ਬਿਮਾਰ ਹੋਣ ਦਾ ਖ਼ਤਰਾ ਰਹਿੰਦਾ ਹੈ।