ਮੈਲਬਰਨ: ਜ਼ਹਿਰੀਲੇ ਮਸ਼ਰੂਮ (Poisonous Mushrooms) ਦਾ ਖਾਣਾ ਬਣਾ ਕੇ ਖਵਾਉਣ ਦੇ ਕੇਸ ’ਚ ਏਰਿਨ ਪੈਟਰਸਨ (49) ’ਤੇ ਕਤਲ ਦੇ ਤਿੰਨ ਅਤੇ ਕਤਲ ਦੀ ਕੋਸ਼ਿਸ਼ ਦੇ ਪੰਜ ਦੋਸ਼ ਲਗਾਏ ਗਏ ਹਨ। ਇਹ ਦੋਸ਼ ਇਸੇ ਸਾਲ ਜੁਲਾਈ ਵਿੱਚ ਇੱਕ ਮਸ਼ਰੂਮ ਦੁਪਹਿਰ ਦੇ ਖਾਣੇ ਦੀ ਘਟਨਾ ਨਾਲ ਸਬੰਧਤ ਹਨ ਜਿਸ ਦੇ ਨਤੀਜੇ ਵਜੋਂ ਤਿੰਨ ਮੌਤਾਂ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਬੀਮਾਰ ਹੋ ਗਿਆ ਸੀ। ਕਤਲ ਦੀ ਕੋਸ਼ਿਸ਼ ਦੇ ਤਿੰਨ ਦੋਸ਼ ਇੱਕ 48 ਸਾਲਾਂ ਦੇ ਕੋਰਮਬੁਰਾ ਵਿਅਕਤੀ ਵਿਰੁੱਧ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਹਨ, ਜਿਸ ਨੂੰ ਪੈਟਰਸਨ ਦਾ ਵੱਖਰਾ ਰਹਿ ਰਿਹਾ ਪਤੀ, ਸਾਈਮਨ ਪੈਟਰਸਨ ਮੰਨਿਆ ਜਾਂਦਾ ਹੈ। ਮ੍ਰਿਤਕ ਵਿਅਕਤੀਆਂ ’ਚ ਏਰਿਨ ਦੇ ਸੱਸ, ਸਹੁਰਾ ਅਤੇ ਸੱਸ ਦੀ ਭੈਣ ਸ਼ਾਮਲ ਹਨ। ਜਦਕਿ ਸੱਸ ਦੀ ਭੈਣ ਦਾ ਪਤੀ ਕਈ ਹਫ਼ਤਿਆਂ ’ਚ ਇਲਾਜ ਅਧੀਨ ਹਸਪਤਾਲ ’ਚ ਰਿਹਾ ਸੀ।
ਪੈਟਰਸਨ ਨੂੰ ਸਟੇਟ ਦੇ ਗਿਪਸਲੈਂਡ ਖੇਤਰ ਵਿੱਚ, ਲਿਓਨਗਾਥਾ ਸਥਿਤ ਉਸ ਦੇ ਘਰੋਂ ਕਤਲ ਕੇਸ ਦੇ ਜਾਸੂਸਾਂ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁੱਛ-ਪੜਤਾਲ ਕੀਤੀ ਗਈ ਸੀ। ਕਈ ਮਹੀਨੇ ਚੱਲੀ ਡੂੰਘੀ ਜਾਂਚ ਤੋਂ ਬਾਅਦ ਪੁਲਿਸ ਨੇ ਏਰਿਨ ਦੇ ਘਰ ਅਤੇ ਕਾਰ ਦੀ ਤਲਾਸ਼ੀ ਲਈ, ਕਈ ਵਸਤੂਆਂ ਨੂੰ ਜ਼ਬਤ ਕੀਤਾ ਅਤੇ USB ਅਤੇ ਸਿਮ ਕਾਰਡ ਵਰਗੀਆਂ ਚੀਜ਼ਾਂ ਦੀ ਖੋਜ ਕਰਨ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ ਤਕਨਾਲੋਜੀ ਡਿਟੈਕਟਰ ਕੁੱਤਿਆਂ ਦੀ ਵਰਤੋਂ ਕੀਤੀ।
ਕੀ ਹੈ Poisonous Mushrooms ਮਾਮਲਾ?
ਇਸ ਕੇਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੀਡੀਆ ਦਾ ਮਹੱਤਵਪੂਰਨ ਧਿਆਨ ਅਤੇ ਜਨਤਕ ਦਿਲਚਸਪੀ ਖਿੱਚੀ ਹੈ। ਪੈਟਰਸਨ ਦੀ ਅਦਾਲਤ ਵਿੱਚ ਅਗਲੀ ਪੇਸ਼ੀ 3 ਮਈ ਨੂੰ ਹੋਣੀ ਹੈ। ਇਹ ਘਟਨਾ ਜੁਲਾਈ ਦੇ ਅਖੀਰ ਵਿੱਚ ਏਰਿਨ ਪੈਟਰਸਨ ਵੱਲੋਂ ਦਿੱਤੇ ਦੁਪਹਿਰ ਦੇ ਖਾਣੇ ਦੀ ਹੈ, ਜਿਸ ਵਿੱਚ ਗੇਲ ਅਤੇ ਡੌਨ ਪੈਟਰਸਨ (ਏਰਿਨ ਦੇ ਸਾਬਕਾ ਪਤੀ ਦੇ ਮਾਤਾ-ਪਿਤਾ) ਅਤੇ ਗੇਲ ਦੀ ਭੈਣ, ਹੀਥਰ ਵਿਲਕਿਨਸਨ ਸ਼ਾਮਲ ਹੋਏ ਸਨ। ਤਿੰਨੋਂ ਮਹਿਮਾਨਾਂ ਦੀ ਦੁਪਹਿਰ ਦੇ ਖਾਣੇ ਤੋਂ ਬਾਅਦ ਮੌਤ ਹੋ ਗਈ, ਜਿਨ੍ਹਾਂ ’ਚ ਡੈਥ ਕੈਪ ਮਸ਼ਰੂਮ ਖਾਣ ਦੇ ਲੱਛਣ ਦਿਖਾਈ ਦਿੱਤੇ। ਹੀਰਥ ਦਾ ਪਤੀ ਈਆਨ ਵਿਲਕਿਨਸਨ ਵੀ ਖਾਣੇ ਤੋਂ ਬਾਅਦ ਬਿਮਾਰ ਹੋ ਗਿਆ ਸੀ ਪਰ ਕਈ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਰਾਜ਼ੀ ਹੋ ਗਿਆ। ਏਰਿਨ ਪੈਟਰਸਨ ਨੇ ਕਿਹਾ ਹੈ ਕਿ ਉਸ ਨੇ ਆਪਣੇ ਮਹਿਮਾਨਾਂ ਨੂੰ ਜਾਣਬੁੱਝ ਕੇ ਜ਼ਹਿਰ ਨਹੀਂ ਦਿੱਤਾ ਸੀ ਅਤੇ ਉਸ ਨੂੰ ਵੀ ਖਾਣੇ ਤੋਂ ਬਾਅਦ ਸਿਹਤ ਵਿਗੜਨ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ।