ਔਰਤਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਇਸ ਹਾਲੀਵੁੱਡ ਅਦਾਕਾਰਾ ਨੂੰ ਮਿਲਿਆ ਸਿਡਨੀ ਸ਼ਾਂਤੀ ਪੁਰਸਕਾਰ (Sydney Peace Prize)

ਮੈਲਬਰਨ: ਇਰਾਨ ’ਚ ਔਰਤਾਂ ਦੇ ਹੱਕਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਇਰਾਨੀ ਮੂਲ ਦੀ ਹਾਲੀਵੁੱਡ ਅਦਾਕਾਰਾ ਅਤੇ ਕਾਰਕੁੰਨ ਨਾਜ਼ਨੀਨ ਬੋਨਿਆਦੀ (Nazanin Boniadi) ਨੂੰ ਸਿਡਨੀ ਸ਼ਾਂਤੀ ਪੁਰਸਕਾਰ (Sydney Peace Prize) ਦਿੱਤਾ ਗਿਆ ਹੈ। ਇਹ ਆਸਟ੍ਰੇਲੀਆ ਦਾ ਸਭ ਤੋਂ ਮਾਣ ਵਾਲਾ ਸ਼ਾਂਤੀ ਪੁਰਸਕਾਰ ਹੈ।

ਬੋਨਿਆਦੀ ਕਾਮੇਡੀ ਟੀ.ਵੀ. ਸੀਰੀਜ਼ How I Met Your Mother ਅਤੇ ਹਾਲੀਵੁੱਡ ਐਕਸ਼ਨ ਥ੍ਰਿਲਰ ਫਿਲਮ Hotel Mumbai ਲਈ ਜਾਣੀ ਜਾਂਦੀ ਹੈ। ਉਹ ਨੌਜਵਾਨ ਪੀੜ੍ਹੀ ਨੂੰ ਵਿਸ਼ਵ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਇੱਕ ਵੱਧ ਸ਼ਾਂਤੀਪੂਰਨ ਅਤੇ ਨਿਆਂਪੂਰਨ ਸੰਸਾਰ ਲਈ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

ਬੋਨਿਆਦੀ ਨੇ ਵੀਰਵਾਰ ਨੂੰ ਸਿਡਨੀ ਦੇ ਕੈਬਰਾਮਾਟਾ ਹਾਈ ਸਕੂਲ ਨੂੰ ਵੀ ਸੰਬੋਧਿਤ ਕੀਤਾ, ਜੋ ਕਿ ਆਸਟ੍ਰੇਲੀਆ ਦੇ ਸਭ ਤੋਂ ਵੰਨ-ਸੁਵੰਨੇ ਸਕੂਲਾਂ ’ਚੋਂ ਇੱਕ ਹੈ, ਜਿਸ ਦੇ ਬਹੁਤੇ ਵਿਦਿਆਰਥੀ ਅਜਿਹੇ ਪਰਿਵਾਰਾਂ ਨਾਲ ਸਬੰਧਤ ਹਨ ਜੋ ਆਪਣੇ ਦੇਸ਼ ਵਿੱਚ ਸੰਘਰਸ਼ ਤੋਂ ਬਚ ਕੇ ਆਏ ਹਨ।

ਅਪਣੇ ਸੰਬੋਧਨ ਦੌਰਾਨ ਬੋਨਿਆਦੀ ਨੇ ਕਿਹਾ ਕਿ ਉਹ ਸਕੂਲੀ ਬੱਚਿਆਂ ਦੇ ਜਜ਼ਬੇ ਤੋਂ ਉਤਸ਼ਾਹਿਤ ਹੈ। ਉਸ ਨੇ ਕਿਹਾ, ‘‘ਹਨੇਰਾ ਹਨੇਰੇ ਨੂੰ ਮਿਟਾ ਨਹੀਂ ਸਕਦਾ, ਸਿਰਫ ਰੌਸ਼ਨੀ ਇਹ ਕਰ ਸਕਦੀ ਹੈ। ਨਫ਼ਰਤ ਵੀ ਨਫ਼ਰਤ ਨੂੰ ਖ਼ਤਮ ਨਹੀਂ ਕਰ ਸਕਦੀ, ਸਿਰਫ ਪਿਆਰ ਅਜਿਹਾ ਕਰ ਸਕਦਾ ਹੈ।’’ ਉਸ ਨੇ ਅੱਗੇ ਕਿਹਾ, ‘‘ਇਹ ਬੱਚੇ, ਇਹ ਨੌਜਵਾਨ, ਇਹ ਪੀੜ੍ਹੀ ਇਸ ਗੱਲ ਨੂੰ ਦਰਸਾਉਂਦੀ ਹੈ ਅਤੇ ਮੈਂ ਇਨ੍ਹਾਂ ਦੀ ਮੌਜੂਦਗੀ ਵਿੱਚ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਇਹ ਨਾ ਸਿਰਫ ਭਵਿੱਖ ਹਨ, ਬਲਕਿ ਅੱਜ ਦੇ ਲੀਡਰ ਵੀ ਹਨ।’’

Leave a Comment