ਆਸਟ੍ਰੇਲੀਆ ’ਚ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਸਰਗਰਮ, Employment Scams ’ਚ 740% ਵਾਧਾ

ਮੈਲਬਰਨ: ਆਸਟ੍ਰੇਲੀਆ ਵਿੱਚ Employment Scams ’ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ 2 ਕਰੋੜ ਡਾਲਰ ਤਕ ਦਾ ਨੁਕਸਾਨ ਹੋ ਚੁੱਕਾ ਹੈ। ਵਿੱਤੀ ਸੇਵਾਵਾਂ ਮੰਤਰੀ ਸਟੀਫ਼ਨ ਜੋਨਸ (Stephen Jones) ਅਨੁਸਾਰ ਨੈਸ਼ਨਲ ਐਂਟੀ-ਸਕੈਮ ਸੈਂਟਰ ਨੇ 2023 ’ਚ Employment scams ’ਚ 740% ਵਾਧੇ ਦੀ ਰਿਪੋਰਟ ਕੀਤੀ ਹੈ। ਘਪਲੇਬਾਜ਼ ਖ਼ੁਦ ਨੂੰ ਅਸਲੀ ਸੰਸਥਾਵਾਂ ਅਤੇ ਭਰਤੀਕਰਤਾਵਾਂ ਦੇ ਰੂਪ ’ਚ ਪੇਸ਼ ਕਰਦੇ ਹਨ, WhatsApp ਰਾਹੀਂ ਨੌਕਰੀਆਂ ਦੀ ਪੇਸ਼ਕਸ਼ ਕਰਦੇ ਹਨ ਜਾਂ Facebook, TikTok, ਅਤੇ Instagram ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ਼ਤਿਹਾਰ ਦਿੰਦੇ ਹਨ।

ਆਸਟ੍ਰੇਲੀਆ ਵਿੱਚ ਰਹਿਣ ਦੀ ਵਧੀ ਹੋਈ ਲਾਗਤ ਨੇ ਕਈਆਂ ਨੂੰ ਦੂਜੀਆਂ ਨੌਕਰੀਆਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ, ਜਿਸ ਕਾਰਨ ਉਹ ਇਨ੍ਹਾਂ ਘਪਲਿਆਂ ਦਾ ਸ਼ਿਕਾਰ ਹੋ ਗਏ ਹਨ। ਘਪਲੇਬਾਜ਼ ਅਕਸਰ ਨੌਕਰੀ ਲੱਭਣ ਵਾਲਿਆਂ ਨੂੰ task-based ਕੰਮ ਲਈ ਆਕਰਸ਼ਕ ਪੇਸ਼ਕਸ਼ਾਂ ਦੇ ਨਾਲ ਨਿਸ਼ਾਨਾ ਬਣਾਉਂਦੇ ਹਨ ਅਤੇ ਕਿਸੇ ਤਰ੍ਹਾਂ ਉਨ੍ਹਾਂ ਕੋਲੋਂ ਪੈਸੇ ਬਟੋਰ ਲੈਂਦੇ ਹਨ। ਉਹ ਪੀੜਤਾਂ ਨੂੰ ਕ੍ਰਿਪਟੋਕਰੰਸੀ ਪਲੇਟਫਾਰਮਾਂ ’ਤੇ ਖਾਤੇ ਬਣਾਉਣ ’ਚ ਮਦਦ ਕਰਦੇ ਹਨ ਅਤੇ ਕਮਿਸ਼ਨ ਜਾਂ ਬੋਨਸ ਦਾ ਵਾਅਦਾ ਕਰਨ ਵਾਲੇ ਵਿੱਤੀ ਡਿਪਾਜ਼ਿਟ ਦੀ ਮੰਗ ਕਰਦੇ ਹਨ। ਪਾਰਟ-ਟਾਈਮ ਕੰਮ ਦੀ ਤਲਾਸ਼ ਕਰਨ ਵਾਲੇ ਵਿਦਿਆਰਥੀ ਅਤੇ ਵਾਧੂ ਆਮਦਨ ਦੀ ਮੰਗ ਕਰਨ ਵਾਲੇ ਲੋਕ ਇਨ੍ਹਾਂ ਘਪਲੇਬਾਜ਼ਾਂ ਦਾ ਮੁੱਖ ਨਿਸ਼ਾਨਾ ਬਣਦੇ ਹਨ।

Employment Scams ਤੋਂ ਬਚਣ ਲਈ ਕੀ ਕਰੀਏ?

ਘਪਲਿਆਂ ਦਾ ਪਤਾ ਲਗਾਉਣ ਲਈ, ਮੈਸੇਜਿੰਗ ਜਾਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਨੌਕਰੀ ਦੀਆਂ ਪੇਸ਼ਕਸ਼ਾਂ, ‘ਗਾਰੰਟੀਸ਼ੁਦਾ ਆਮਦਨ’ ਦੀਆਂ ਪੇਸ਼ਕਸ਼ਾਂ, ਜਾਂ ਸਧਾਰਨ ਕੰਮਾਂ ਲਈ ਅਸਧਾਰਨ ਤੌਰ ’ਤੇ ਉੱਚੇ ਮਿਹਨਤਾਨੇ ਦੀਆਂ ਪੇਸ਼ਕਸ਼ਾਂ ਤੋਂ ਸਾਵਧਾਨ ਰਹੋ। ਘਪਲੇਬਾਜ਼ ਅਕਸਰ ਖੇਡਾਂ ਵਰਗੇ ਮਾਡਲਾਂ ਦੀ ਵਰਤੋਂ ਕਰਦੇ ਹਨ ਜੋ ਲੋਕਾਂ ਨੂੰ ਕੰਮ ਪੂਰਾ ਕਰ ਕੇ, ਦੋਸਤਾਂ ਦਾ ਹਵਾਲਾ ਦੇ ਕੇ, ਅਤੇ ਇੱਕ ਐਪ ਵਿੱਚ ਪੈਸੇ ਜਮ੍ਹਾ ਕਰ ਕੇ ਹੋਰ ਕਮਾਈ ਕਰਨ ਲਈ ਉਤਸ਼ਾਹਿਤ ਕਰਦੇ ਹਨ।

ਪੀੜਤਾਂ ਨੂੰ ਇਨ੍ਹਾਂ ਘਪਲਿਆਂ ਕਾਰਨ ਵੱਡੀਆਂ ਰਕਮਾਂ ਗੁਆਉਣੀਆਂ ਪਈਆਂ – ਇੱਕ ਔਰਤ ਨੂੰ ਘਰ ਤੋਂ ਪਾਰਟ-ਟਾਈਮ ਕੰਮ ਦੀ ਪੇਸ਼ਕਸ਼ ਕਰਨ ਵਾਲੀ ਇੱਕ ਫੇਸਬੁੱਕ ਪੋਸਟ ਦਾ ਜਵਾਬ ਦੇਣ ਤੋਂ ਬਾਅਦ 40,000 ਡਾਲਰ ਦਾ ਨੁਕਸਾਨ ਹੋਇਆ ਹੈ, ਜਦਕਿ ਇੱਕ ਹੋਰ ਨੂੰ ਸੋਸ਼ਲ ਮੀਡੀਆ ’ਤੇ ਲਲਚਾਉਣ ਵਾਲੀ ਪੇਸ਼ਕਸ਼ ਕਾਰਨ 12 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ।

ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਨਾਲ ਘਪਲਾ ਹੋਇਆ ਹੈ, ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਨੈਸ਼ਨਲ ਐਂਟੀ-ਸਕੈਮ ਸੈਂਟਰ (National Anti Scam Centre) ਨੂੰ ਇਸ ਦੀ ਰਿਪੋਰਟ ਕਰੋ।

Leave a Comment