ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ ਕਰਕੇ ਅਦਾਲਤ ਜਾਣੋਂ ਰੋਕਿਆ – ਜਿਊਰੀ ਮੈਂਬਰ ਵਜੋਂ ਨਿਭਾਉਣ ਆਇਆ ਸੀ ਸੇਵਾਵਾਂ

ਮੈਲਬਰਨ : ਵਿਦੇਸ਼ਾਂ `ਚ ਕਈ ਵਾਰ ਅੰਮ੍ਰਿਤਧਾਰੀ ਸਿੱਖਾਂ ਨੂੰ ਕਈ ਵਾਰ ਕਿਰਪਾਨ ਪਹਿਨਣ ਕਰਕੇ ਬੇਲੋੜੇ ਵਿਕਤਰੇ ਦਾ ਸਿ਼ਕਾਰ ਹੋਣਾ ਪੈ ਜਾਂਦਾ ਹੈ। ਅਜਿਹਾ ਹੀ ਕੇਸ ਬਿਰਮਿੰਘਮ `ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਸਿੰਘ ਨੂੰ ਅਦਾਲਤ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ, ਜਦੋਂ ਉਹ ਬਤੌਰ ਜਿਊਰੀ ਮੈਂਬਰ ਪੈਨਲ ਵਿੱਚ ਬੈਠਣ ਵਾਸਤੇ ਆਇਆ ਸੀ। ਹਾਲਾਂਕਿ ਬਾਅਦ `ਚ ਅਦਾਲਤ ਨੇ ਅਜਿਹੇ ਅਸੱਭਿਅਕ ਵਿਵਹਾਰ ਕਾਰਨ ਅਫ਼ਸੋਸ ਜ਼ਾਹਰ ਕਰ ਦਿੱਤਾ ਸੀ।

ਇੱਕ ਸਿੱਖ ਐਕਟੀਵਿਸਟ ਦਬਿੰਦਰਜੀਤ ਸਿੰਘ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਇਹ ਘਟਨਾ ਯੂਨਾਈਟਿਡ ਕਿੰਗਡਮ ਦੇ ਬ੍ਰਿਮੰਘਮ ਦੀ ਹੈ। ਜਿੱਥੇ ਅੰਮ੍ਰਿਤਧਾਰੀ ਸਿੱਖ ਜਤਿੰਦਰ ਸਿੰਘ (ਜੋ ਗੁਰੁ ਨਾਨਕ ਗੁਰਦੁਆਰਾ, ਸਮੇਥਵਿਕ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ) ਨੂੰ ਬਿਰਮਿੰਘਮ ਕਰਾਊਨ ਕੋਰਟ `ਚ ਜਿਊਰੀ ਮੈਂਬਰ ਵਜੋਂ ਬੁਲਾਇਆ ਗਿਆ ਸੀ।

ਪਹਿਲੇ ਸ਼ੈਸ਼ਨ ਦੌਰਾਨ ਤਾਂ ਕੋਈ ਦਿੱਕਤ ਨਹੀਂ ਆਈ ਪਰ ਦੂਜੀ ਵਾਰ ਜਦੋਂ ਜਤਿੰਦਰ ਸਿੰਘ ਨੇ ਦਾਖ਼ਲ ਹੋਣ ਲੱਗਾ ਤਾਂ ਸਕਿਉਰਿਟੀ ਵਾਲਿਆਂ ਨੇ ਰੋਕ ਦਿੱਤਾ ਕਿ ਕਿਰਪਾਨ ਪਹਿਨੀ ਹੋਣ ਕਰਕੇ ਉਹ ਅੰਦਰ ਨਹੀਂ ਜਾ ਸਕਦਾ।

ਇਸ ਘਟਨਾ ਤੋਂ ਬਾਅਦ ਮਨਿਸਟਰੀ ਆਫ ਜਸਟਿਸ ਦਾ ਕਹਿਣਾ ਜਤਿੰਦਰ ਸਿੰਘ ਨੂੰ ਪਹਿਲੇ ਸੈਸ਼ਨ ਤੋਂ ਬਾਅਦ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਤਾਂ ਹੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਅਦਾਲਤ ਨੇ ਇਸ ਘਟਨਾ ਨੂੰ ਲੈ ਕੇ ਅਫ਼ਸੋਸ ਜ਼ਾਹਰ ਕਰ ਦਿੱਤਾ ਸੀ।

ਇਸ ਮਾਮਲੇ ਨੂੰ ਲੈ ਕੇ ਸਿੱਖ ਫ਼ੈਡਰੇਸ਼ਨ ਯੂਕੇ ਦੇ ਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਜਸਟਿਸ ਮਨਿਸਟਰ ਅਲੈਕਸ ਚਾਕ ਨੂੰ ਲੈਟਰ ਲਿਖ ਕੇ ਮੰਗ ਕੀਤੀ ਹੈ ਕਿ ਅਜਿਹੇ ਵਿਹਾਰ ਸਬੰਧੀ ਮੁਆਫ਼ੀ ਮੰਗਣ।

ਹਿਜ ਮੈਜਿਸਟੀ’ਸ ਆਫ ਕੋਰਟ ਐਂਡ ਟ੍ਰਿਬਊਨ ਸਰਵਿਸਜ ਦੇ ਬੁਲਾਰੇ ਅਨੁਸਾਰ ਸਿੰਘ ਤੋਂ ਮੁਆਫ਼ੀ ਮੰਗੀ ਜਾ ਚੁੱਕੀ ਹੈ ਅਤੇ ਸਕਿਉਰਿਟੀ ਗਾਰਡਜ ਨੂੰ ਸੁਚੇਤ ਕਰ ਦਿੱਤਾ ਹੈ ਕਿ ਅਜਿਹੇ ਮੌਕੇ ਕਾਨੂੰਨ ਅਨੁਸਾਰ ਹੀ ਕਦਮ ਚੁੱਕਣ।

Leave a Comment