ਅੱਜ ਬ੍ਰਿਸਬੇਨ `ਚ 7ਵੀਂ ਬਰਸੀ- ਬੱਸ `ਚ ਸੜਨ ਤੋਂ ਬਚ ਸਕਦਾ ਸੀ ਮਨਮੀਤ ਅਲੀਸ਼ੇਰ (Manmeet Alisher/ Manmeet Sharma) – ਆਸਟ੍ਰੇਲੀਆ `ਚ ਨਵੀਂ ਜਾਂਚ ਰਿਪੋਰਟ, ਪਰ ਪਰਿਵਾਰ ਨਿਰਾਸ਼

ਮੈਲਬਰਨ : ਅਵਤਾਰ ਸਿੰਘ ਟਹਿਣਾ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ `ਚ ਸੱਤ ਸਾਲ ਪਹਿਲਾਂ ਇੱਕ ਮੈਂਟਲ ਹੈੱਲਥ ਮਰੀਜ਼ ਵੱਲੋਂ ਪੈਟਰੋਲ ਬੰਬ ਸੁੱਟ ਕੇ ਮਾਰੇ ਗਏ ਪੰਜਾਬੀ ਨੌਜਵਾਨ ਦੀ ਜਾਨ ਬਚ ਸਕਦੀ ਸੀ ਜੇ ਮੈਂਟਲ ਹੈੱਲਥ ਯੂਨਿਟ ਮਰੀਜ਼ ਨੂੰ ਹਸਤਪਾਲ ਚੋਂ ਤਿੰਨ ਮਹੀਨੇ ਪਹਿਲਾਂ ਛੁੱਟੀ ਨਾ ਦਿੰਦਾ।

ਇਹ ਖੁਲਾਸਾ ਬੀਤੇ ਕੱਲ੍ਹ ਸ਼ੁੱਕਰਵਾਰ ਨੂੰ ਕੁਈਨਜ਼ਲੈਂਡ ਸਟੇਟ ਕੌਰਨਰ (ਜਾਂਚ ਟੀਮ) ਟੈਰੀ ਰਾਇਨ ਵੱਲੋਂ ਨਸ਼ਰ ਕੀਤੀ ਗਈ ਰਿਪੋਰਟ ਨੇ ਕੀਤਾ ਹੈ। ਹਾਲਾਂਕਿ ਮ੍ਰਿਤਕ ਦੇ ਪਰਿਵਾਰਕ ਰਿਸ਼ਤੇਦਾਰ ਤੇ ਮਿੱਤਰ ਇਸ ਰਿਪੋਰਟ ਨਾਲ ਬਹੁਤਾ ਸਹਿਮਤ ਨਹੀਂ ਹਨ।

ਰਿਪੋਰਟਾਂ ਅਨੁਸਾਰ 29 ਸਾਲਾ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ (ਮਨਮੀਤ ਸ਼ਰਮਾ) Manmeet Alisher (Manmeet Sharma) ਨੂੰ ਅੱਜ ਦੀ ਤਾਰੀਕ 28 ਅਕਤੂਬਰ ਨੂੰ ਸਾਲ 2016 `ਚ ਮਾਰ ਦਿੱਤਾ ਗਿਆ ਸੀ, ਜਦੋਂ ਉਹ ਬ੍ਰਿਸਬੇਨ ਸਿਟੀ ਕੌਂਸਲ ਵਾਸਤੇ ਬਤੌਰ ਬੱਸ ਡਰਾਇਵਰ ਵਜੋਂ ਜੌਬ ਕਰਦਾ ਹੋਇਆ ਮਾਰੂਕਾ ਸਬਅਰਬ ਵਿੱਚ ਬੱਸ ਸਟੌਪ ਤੋਂ ਸਵਾਰੀਆਂ ਚੜ੍ਹਾ ਰਿਹਾ ਸੀ।

ਇਹ ਹਮਲਾ ਐਂਥਨੀ ਨਾਂ ਦੇ ਵਿਅਕਤੀ ਨੇ ਬੱਸ `ਚ ਚੜ੍ਹ ਕੇ ਪੈਟਰੋਲ ਬੰਬ ਸੁੱਟ ਕੇ ਕੀਤਾ ਸੀ ਅਤੇ ਮਨਮੀਤ ਦਾ 80% ਤੋਂ ਵੱਧ ਸਰੀਰ ਅੱਗ ਨਾਲ ਸੜਨ ਕਰਕੇ ਮੌਕੇ `ਤੇ ਹੀ ਦਮ ਤੋੜ ਗਿਆ ਸੀ। ਹਾਲਾਂਕਿ ਬੱਸ `ਚ ਸਵਾਰ 14 ਹੋਰ ਸਵਾਰੀਆਂ ਦਾ ਬਚਾਅ ਹੋ ਗਿਆ ਸੀ। ਜਿਸ ਪਿੱਛੋਂ ਅਦਾਲਤ ਨੇ ਐਂਥਨੀ ਨੂੰ ਕਤਲ ਕੇਸ ਦੇ ਟਰਾਇਲ ਵਾਸਤੇ ਫਿੱਟ ਨਾ ਸਮਝਦਿਆਂ ਉਸਦਾ 10 ਸਾਲ ਮੈਂਟਲ ਹਸਪਤਾਲ `ਚ ਇਲਾਜ ਕਰਨ ਦਾ ਹੁਕਮ ਸੁਣਾਇਆ ਸੀ।

ਕੌਰਨਰ ਰਿਪੋਰਟ ਰਾਹੀਂ ਸਾਰੇ ਘਟਨਾਕ੍ਰਮ ਦੇ ਕੱਢੇ ਗਏ ਸਿੱਟੇ ਅਨੁਸਾਰ ਜੇਕਰ ਹਸਪਤਾਲ ਦਾ ਮੈਂਟਲ ਹੈੱਲਥ ਯੂਨਿਟ ਆਪਣੇ ਮਰੀਜ਼ ਐਂਥਨੀ ਦੀ ਮੈਂਟਲ ਹੈੱਲਥ ਸਬੰਧੀ ਸਮੇਂ-ਸਮੇਂ `ਤੇ ਗੰਭੀਰਤਾ ਨਾਲ ਹੋਰ ਤਰ੍ਹਾਂ ਦੇ ਫ਼ੈਸਲੇ ਲੈਂਦਾ ਤਾਂ ਇਹ ਦੁਰਘਟਨਾ ਨਹੀਂ ਵਾਪਰਨੀ ਸੀ ਅਤੇ ਮਨਮੀਤ ਦੀ ਜਾਨ ਬਚੀ ਰਹਿਣੀ ਸੀ।

ਮੀਡੀਆ ਰਿਪੋਰਟ ਅਨੁਸਾਰ ਦੂਜੇ ਪਾਸੇ, ਮਨਮੀਤ ਦੇ ਪਰਿਵਾਰਕ ਮੈਂਬਰ ਵਿਨਰਜੀਤ ਸਿੰਘ ਨੇ ਕੌਰਨਰ ਕੋਰਟ `ਚ ਸੁਣਵਾਈ ਤੋਂ ਬਾਅਦ ਰਿਪੋਰਟ `ਤੇ ਨਾਖੁਸ਼ੀ ਪ੍ਰਗਟ ਕਰਦਿਆਂ ਫਿਰ ਸਵਾਲ ਕੀਤਾ ਕਿ ਮਨਮੀਤ ਦੀ ਮੌਤ ਲਈ ਆਖਰ ਜਿੰਮੇਵਾਰ ਕੌਣ ਹੈ? ਉਨ੍ਹਾਂ ਆਖਿਆ ਕਿ ਸੱਤ ਸਾਲ ਬਾਅਦ ਵੀ ਪੀੜਿਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਿਲਆ, ਕਿਉਂਕਿ ਨਿਆਂ ਮਿਲਣ `ਚ ਦੇਰੀ ਵੀ ਨਿਆਂ ਨਾ ਮਿਲਣ ਦੇ ਬਰਾਬਰ ਹੁੰਦੀ ਹੈ।

Leave a Comment