ਮੈਲਬਰਨ: ਹਜ਼ਾਰਾਂ ਟੋਯੋਟਾ C-HR ਗੱਡੀਆਂ ਨੂੰ ਫ਼ਿਊਲ ਪੰਪ ਦੇ ਨੁਕਸ ਕਾਰਨ ਵਾਪਸ ਬੁਲਾਇਆ ਗਿਆ ਹੈ ਜੋ ਇੰਜਨ ਬੇਅ ’ਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ। ਕੰਪਨੀ ਨੇ ਗੱਡੀਆਂ ਨੂੰ ਤੁਰੰਤ ਵਾਪਸ ਲਿਆਉਣ ਦਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇੰਜਣ ਕੰਪਾਰਟਮੈਂਟ ਵਿੱਚ ਲੀਕ ਹੁੰਦਾ ਹੈ ਤਾਂ ਪ੍ਰਭਾਵਤ ਗੱਡੀ ਮਾਲਕਾਂ ਨੂੰ ਫ਼ਿਊਲ ਦੀ ਗੰਧ ਆ ਸਕਦੀ ਹੈ।
ਫੈਡਰਲ ਡਿਪਾਰਟਮੈਂਟ ਆਫ ਟਰਾਂਸਪੋਰਟ ਰੀਕਾਲ ਨੇ ਕਿਹਾ, ‘‘ਫ਼ਿਊਲ ਪੰਪ ਵਿਚਲੇ ਪੁਰਜ਼ੇ ਇਸ ਦੇ ਵੈਲਡਿੰਗ ਵਾਲੇ ਖੇਤਰ ਨੂੰ ਘਸਾ ਸਕਦੇ ਹਨ ਜਾਂ ਤ੍ਰੇੜ ਪਾ ਸਕਦੇ ਹਨ ਜਿਸ ਕਾਰਨ ਫ਼ਿਊਲ ਇੰਜਣ ਕੰਪਾਰਟਮੈਂਟ ’ਚ ਲੀਕ ਹੋ ਸਕਦਾ ਹੈ। ਗੱਡੀ ਨੂੰ ਅੱਗ ਲੱਗਣ ਨਾਲ ਗੱਡੀ ’ਚ ਸਵਾਰ ਵਿਅਕਤੀਆਂ, ਸੜਕ ’ਤੇ ਮੌਜੂਦ ਦੂਜੇ ਲੋਕਾਂ ਜਾਂ ਰਾਹਗੀਰਾਂ ਨੂੰ ਸੱਟ ਜਾਂ ਮੌਤ ਦੇ ਜੋਖਮ ਵਿੱਚ ਵਾਧਾ ਹੋ ਸਕਦਾ ਹੈ।’’
C-HR ਪੈਟਰੋਲ (NGX10 ਅਤੇ NGX50) ਦੇ ਕਈ ਰੂਪਾਂ ਨੂੰ ਖਤਰੇ ਵਿੱਚ ਪਾਇਆ ਗਿਆ ਹੈ, ਜਿਸ ਵਿੱਚ C-HR 2WD 1.2L ਪੈਟਰੋਲ ਮਾਡਲ, ਅਤੇ C-HR AWD 1.2L ਪੈਟਰੋਲ ਮਾਡਲ ਸ਼ਾਮਲ ਹਨ। 2019 ਅਤੇ 2023 ਦੇ ਵਿਚਕਾਰ ਕੁੱਲ 14,480 ਨੁਕਸ ਵਾਲੀਆਂ ਗੱਡੀਆਂ ਵੇਚੀਆਂ ਗਈਆਂ, ਅਤੇ ਜਿਨ੍ਹਾਂ ਕੋਲ ਇਹ ਮਾਡਲ ਹਨ, ਉਨ੍ਹਾਂ ਨੂੰ ਇੱਕ ਫ਼ਿਊਲ ਪੰਪ ਬਦਲਣ ਲਈ ਮੁਫ਼ਤ ਬੁੱਕਿੰਗ ਕਰਨ ਲਈ ਕਿਹਾ ਜਾਵੇਗਾ।
ਰੀਕਾਲ ਨੇ ਕਿਹਾ, ‘‘ਟੋਯੋਟਾ ਪ੍ਰਭਾਵਿਤ ਗੱਡੀ ਮਾਲਕਾਂ ਨਾਲ ਲਿਖਤੀ ਰੂਪ ਵਿੱਚ ਸੰਪਰਕ ਕਰੇਗਾ, ਉਹਨਾਂ ਨੂੰ ਬੇਨਤੀ ਕਰੇਗਾ ਕਿ ਉਹ ਆਪਣੇ ਪਸੰਦੀਦਾ ਟੋਯੋਟਾ ਡੀਲਰ ਨਾਲ ਮੁਲਾਕਾਤ ਕਰਨ ਜੋ ਮੁਆਇਨਾ ਕਰੇਗਾ ਅਤੇ ਜੇ ਲੋੜ ਪਈ ਤਾਂ ਫ਼ਿਊਲ ਪੰਪ ਨੂੰ ਮੁਫਤ ਵਿੱਚ ਬਦਲ ਦੇਵੇਗਾ।’’