ਮੈਲਬਰਨ: ਕ੍ਰਿਕੇਟ ਵਰਲਡ ਕੱਪ ’ਚ ਹੁਣ ਤਕ 14 ਮੁਕਾਬਲੇ ਖੇਡੇ ਜਾ ਚੁੱਕੇ ਹਨ। ਸੋਮਵਾਰ ਨੂੰ ਲਖਨਊ ਦੇ ਅਟਲ ਬਿਹਾਰੀ ਵਾਜਪੇਈ ਸਟੇਡੀਅਮ ’ਚ ਆਸਟ੍ਰੇਲੀਆ ਅਤੇ ਸ੍ਰੀਲੰਕਾ ’ਚ ਮੁਕਾਬਲਾ ਖੇਡਿਆ ਗਿਆ। ਇਸ ਮੈਚ ’ਚ ਆਸਟ੍ਰੇਲੀਆ ਟੀਮ ਨੇ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦਰਜ ਕਰ ਲਈ। ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਪਹਿਲਾਂ 209 ਦੌੜਾਂ ’ਤੇ ਆਲਆਊਟ ਕਰ ਦਿੱਤਾ, ਇਸ ਤੋਂ ਬਾਅਦ 5 ਵਿਕੇਆਂ ਗੁਆ ਕੇ ਟੀਮ ਦੇ ਬੱਲੇਬਾਜ਼ਾਂ ਨੇ ਜਿੱਤ ਦਿਵਾਈ। ਇਸ ਜਿੱਤ ਤੋਂ ਬਾਅਦ Points Table ’ਚ ਵੱਡਾ ਫੇਰਬਦਲ ਹੋਇਆ ਹੈ। ਲਗਾਤਾਰ ਦੋ ਮੈਚਾਂ ’ਚ ਹਾਰ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਅਖ਼ੀਰਲੇ ਸਥਾਨ ’ਤੇ ਸੀ, ਪਰ ਇਸ ਜਿੱਤ ਤੋਂ ਬਾਅਦ ਉਸ ਦੇ 2 ਅੰਕ ਹੋ ਗਏ ਹਨ ਅਤੇ ਉਹ ਅੱਠਵੇਂ ਸਥਾਨ ’ਤੇ ਪਹੁੰਚ ਗਈ ਹੈ। ਨੀਦਰਲੈਂਡ ਦੀ ਟੀਮ ਕੋਈ ਵੀ ਮੈਚ ਨਾ ਜਿੱਤ ਕੇ ਆਖ਼ਰੀ ਸਥਾਨ ’ਤੇ ਹੈ ਜਦਕਿ ਸ੍ਰੀਲੰਕਾ ਦੀ ਟੀਮ 9ਵੇਂ ਸਥਾਨ ’ਤੇ ਹੈ।
ਅਜਿਹੀਆਂ ਚਾਰ ਟੀਮਾਂ ਹਨ ਜਿਨ੍ਹਾਂ ਨੇ ਅਜੇ ਤਕ ਆਪਣੇ ਤਿੰਨ ਮੁਕਾਬਲਿਆਂ ’ਚੋਂ ਸਿਰਫ਼ ਇੱਕ ਹੀ ਮੈਚ ਜਿੱਤਿਆ ਹੈ। ਇਨ੍ਹਾਂ ’ਚ ਇੰਗਲੈਂਡ ਪੰਜਵੇਂ, ਅਫ਼ਗਾਨਿਸਤਾਨ ਛੇਵੇਂ ਅਤੇ ਬੰਗਲਾਦੇਸ਼ ਸੱਤਵੇਂ ਸਥਾਨ ’ਤੇ ਹਨ। ਆਸਟ੍ਰੇਲੀਆ ਦੀ ਟੀਮ ਦਾ ਸਥਾਨ ਅੱਠਵਾਂ ਹੈ। ਸਿਖਰ ’ਤੇ ਭਾਰਤ ਦੀ ਟੀਮ ਹੈ ਜਿਸ ਨੇ ਆਪਣੇ ਤਿੰਨੇ ਮੁਕਾਬਲੇ ਜਿੱਤੇ ਹਨ।
ਆਸਟ੍ਰੇਲੀਆ ਦੀ ਜਿੱਤ ਦੇ ਸੂਤਰਧਾਰ ਐਡਮ ਜ਼ਿੰਪਾ ਰਹੇ ਜਿਨ੍ਹਾਂ ਨੇ ਆਪਣੀ ਸਪਿੱਨ ਗੇਂਦਬਾਜ਼ੀ ਦਾ ਜਾਦੂ ਵਿਖਾਉਂਦਿਆਂ ਸ੍ਰੀਲੰਕਾ ਦੀਆਂ ਚਾਰ ਵਿਕੇਟਾਂ ਲਈਆਂ। ਜ਼ਿੰਪਾ ਨੂੰ ਪਲੇਅਰ ਆਫ਼ ਦ ਮੈਚ ਐਲਾਨਿਆ ਗਿਆ। ਸ੍ਰੀਲੰਕਾ ਦੀ ਪਾਰੀ ਦੀ ਮਜ਼ਬੂਤ ਸ਼ੁਰੂਆਤ ਹੋਈ ਸੀ ਜਦੋਂ ਪਾਥੁਮ ਨਿਸਾਂਕਾ (61) ਅਤੇ ਕੁਸਲ ਪਰੇਰਾ (78) ਨੇ ਸ੍ਰੀਲੰਕਾ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਪਰ ਦੋਹਾਂ ਦੇ ਕ੍ਰਮਵਾਰ 125 ਅਤੇ 157 ਦੇ ਸਕੋਰ ’ਤੇ ਆਊਟ ਹੋਣ ਤੋਂ ਬਾਅਦ ਕੋਈ ਖਿਡਾਰੀ ਟਿਕ ਕੇ ਨਹੀਂ ਖੇਡ ਸਕਿਆ ਅਤੇ ਬਾਕੀ ਦੀ ਟੀਮ ਦੇ ਅੱਠ ਖਿਡਾਰੀ 57 ਹੋਰ ਦੌੜਾਂ ਜੋੜ ਕੇ 209 ਦੇ ਸਕੋਰ ’ਤੇ ਆਊਟ ਹੋ ਗਈ।
ਜਵਾਬ ’ਚ ਮਿਸ਼ੇਲ ਮਾਰਸ਼ ਦੇ 52, ਮਾਰਨਸ ਲਾਬੁਸਚਾਂਗ ਦੇ 40 ਅਤੇ ਜੋਸ਼ ਇੰਗਲਿਸ ਦੇ 58 ਦੌੜਾਂ ਦੇ ਯੋਗਦਾਨ ਨਾਲ ਆਸਟ੍ਰੇਲੀਆ ਨੇ 35.2 ਓਵਰਾਂ ’ਚ ਆਸਾਨੀ ਨਾਲ ਜਿੱਤ ਦਰਜ ਕੀਤੀ। ਆਸਟ੍ਰੇਲੀਆ ਅਤੇ ਸ੍ਰੀਲੰਕਾ ਵਿਚਕਾਰ ਮੈਚ ’ਚ ਆਸਟ੍ਰੇਲੀਆ ਦੇ ਗਲੈਨ ਮੈਕਸਵੈੱਲ ਨੇ ਆਪਣੇ ਨਾਂ ਇੱਕ ਸ਼ਾਨਦਾਰ ਰੀਕਾਰਡ ਵੀ ਦਰਜ ਕੀਤਾ ਜਦੋਂ ਉਹ ਭਾਰਤ ’ਚ ਸਭ ਤੋਂ ਵੱਧ ਛੱਕੇ (51) ਲਾਉਣ ਵਾਲੇ ਵਿਦੇਸ਼ੀ ਬੱਲੇਬਾਜ਼ ਬਣ ਗਏ। ਇਸ ਮੈਚ ’ਚ ਸ੍ਰੀਲੰਕਾ ਨੇ ਇੱਕ ਸ਼ਰਮਸਾਰ ਕਰਨ ਵਾਲਾ ਰੀਕਾਰਡ ਵੀ ਬਣਾਇਆ, ਜਦੋਂ ਉਹ ਵਿਸ਼ਵ ਕੱਪ ਮੈਚਾਂ ’ਚ ਹੁਣ ਤਕ ਸਭ ਤੋਂ ਵੱਧ ਹਾਰਾਂ ਝੱਲਣ ਵਾਲੀ ਟੀਮ ਬਣ ਗਈ। ਸ੍ਰੀਲੰਕਾ ਦੀ ਟੀਮ ਨੂੰ ਹੁਣ ਤਕ ਹੋਏ ਵਿਸ਼ਵ ਕੱਪਾਂ ’ਚ 42 ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ।