ਆਸਟ੍ਰੇਲੀਆ ’ਚ ਫਾਲਤੂ ਕੱਪੜੇ ਬਣ ਰਹੇ ਸੰਕਟ, ਜਾਣੋ ਨਿਪਟਾਰੇ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆਈ ਲੋਕ ਹਰ ਸਾਲ 200,000 ਟਨ ਤੋਂ ਵੱਧ ਕੱਪੜੇ ਲੈਂਡਫਿਲ ਵਿੱਚ ਸੁੱਟਦੇ ਹਨ ਜਿਸ ਦਾ ਨਿਪਟਾਰਾ ਸੰਕਟ ਬਣਿਆ ਹੋਇਆ ਹੈ। ਇਹ ਪ੍ਰਤੀ ਵਿਅਕਤੀ ਔਸਤਨ 10 ਕਿਲੋਗ੍ਰਾਮ ਕੱਪੜੇ ਬਣਦੇ ਹਨ। ਸੁੱਟਣ ਦੀ ਬਜਾਏ ਅਸੀਂ ਆਪਣੇ ਅਣਚਾਹੇ ਕੱਪੜਿਆਂ ਨੂੰ ਰੀਸਾਈਕਲ ਕਰਨ, ਦਾਨ ਕਰਨ ਅਤੇ ਅਦਲਾ-ਬਦਲੀ ਕਰਨ ਦੀ ਚੋਣ ਕਰ ਕੇ ਆਸਟ੍ਰੇਲੀਆ ਦੇ ਕੱਪੜਾ ਕੂੜਾ ਸੰਕਟ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ ਸਕਦੇ ਹਾਂ।

ਆਸਟ੍ਰੇਲੀਅਨ ਫੈਸ਼ਨ ਕੌਂਸਲ ਦੀ ਇੱਕ ਰਿਪੋਰਟ ਦਸਦੀ ਹੈ ਕਿ ਅਸੀਂ ਹਰ ਸਾਲ ਔਸਤਨ 56 ਨਵੇਂ ਕੱਪੜੇ ਖਰੀਦਦੇ ਹਾਂ। ਤੇਜ਼ੀ ਨਾਲ ਬਦਲਦੇ ਫੈਸ਼ਨ ਦੇ ਦੌਰ ’ਚ ਸਾਡੇ ਕੱਪੜੇ ਛੇਤੀ ਹੀ ਬੋਰਿੰਗ ਬਣ ਸਕਦੇ ਹਨ, ਇਸ ਲਈ ਸਾਨੂੰ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਨਿਪਟਾਉਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਨੂੰ ਦਾਨ ਕਰਨ ਅਤੇ ਰੀਸਾਈਕਲਿੰਗ ਰਾਹੀਂ ਲੈਂਡਫਿਲ ਤੋਂ ਬਾਹਰ ਰੱਖਣਾ।

ਪਲੈਨੇਟ ਆਰਕ ਦੀ ਸੀਈਓ ਰੇਬੇਕਾ ਗਿਲਿੰਗ ਦੱਸਦੀ ਹੈ, ‘‘ਕੱਪੜੇ, ਜੁੱਤੀਆਂ, ਫੈਬਰਿਕ, ਚਾਦਰਾਂ ਜਾਂ ਤੌਲੀਏ ਜਾਂ ਕੋਈ ਹੋਰ ਟੈਕਸਟਾਈਲ ਨੂੰ ਕੂੜੇ ’ਚ ਨਾ ਸੁੱਟੋ।’’ ਅਜਿਹੇ ਅਣਚਾਹੇ ਕੱਪੜਿਆਂ ਕਈ ਕਾਰੋਬਾਰੀ ਮਾਮੂਲੀ ਫ਼ੀਸ ‘ਤੇ ਤੁਹਾਡੇ ਕੋਲੋਂ ਲੈ ਜਾਣ ਲਈ ਤਿਆਰ ਹਨ ਅਤੇ ਇਨ੍ਹਾਂ ਦੀ ਨੂੰ ਰੀਸਾਈਕਲ ਕਰਨ ਜਾਂ ਮੁੜ ਵਰਤੋਂ ਵਿੱਚ ਲਿਆਉਣ ਦਾ ਪ੍ਰਬੰਧ ਕਰੇਗਾ।

ਇਸ ਤੋਂ ਇਲਾਵਾ ਅਣਚਾਹੇ ਕੱਪੜੇ ਚੈਰਿਟੀ ਨੂੰ ਦੇਣਾ ਵੀ ਵਧੀਆ ਬਦਲ ਹੈ। ‘ਓਪ ਸ਼ਾਪ’ ਵਜੋਂ ਜਾਣੀ ਜਾਂਦੀ ਚੈਰਿਟੀ ਬਿਨ ਵਿੱਚ ਕੱਪੜੇ ਰੱਖਣ ’ਤੇ ਕੋਈ ਖਰਚਾ ਨਹੀਂ ਆਉਂਦਾ। ਹਾਲਾਂਕਿ, ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਦਾਨ ਕਰ ਰਹੇ ਹਾਂ। ਸਾਨੂੰ ਅਜਿਹੇ ਕੱਪੜੇ ਨਹੀਂ ਛੱਡਣੇ ਚਾਹੀਦੇ ਜੋ ਨਾ ਪਹਿਨਣ ਯੋਗ ਹੋਣ ਜਾਂ ਬਹੁਤ ਖਰਾਬ ਹੋਣ ਕਿਉਂਕਿ ਉਨ੍ਹਾਂ ਨੂੰ ਲੈਂਡਫਿਲ ’ਚ ਭੇਜਣਾ ਪੈਂਦਾ ਹੈ, ਜਿਸ ’ਤੇ ਫਾਲਤੂ ਖ਼ਰਚ ਹੁੰਦਾ ਹੈ। ਤੁਸੀਂ ਚੈਰੀਟੇਬਲ ਰੀਸਾਈਕਲਿੰਗ ਪੂਰੇ ਆਸਟ੍ਰੇਲੀਆ ਵਿੱਚ ਓਪ ਸ਼ਾਪਸ ਦੀ ਸੂਚੀ ਲੱਭ ਸਕਦੇ ਹੋ, ਜਿਸ ਵਿੱਚ ਸ਼ਾਮਲ ਹਨ: ਸਾਲਵੋਸ, ਵਿਨੀਸ, ਆਸਟ੍ਰੇਲੀਅਨ ਰੈੱਡ ਕਰਾਸ, ਸੇਵ ਦ ਚਿਲਡਰਲ, ਲਾਈਫਲਾਈਨ, ਐਂਗਲਿਕੇਅਰ, ਬ੍ਰਦਰਹੁੱਡ ਆਫ਼ ਸੇਂਟ ਲਾਰੇਂਸ।

ਜੇਕਰ ਤੁਹਾਡੇ ਕੱਪੜੇ ਦਾਨ ਕਰਨ ਦੇ ਯੋਗ ਨਹੀਂ ਹਨ ਤਾਂ ਸਾਡੇ ਕੁਝ ਪ੍ਰਮੁੱਖ ਕੱਪੜਿਆਂ ਦੇ ਰਿਟੇਲਰਾਂ ’ਤੇ ਰੀਸਾਈਕਲਿੰਗ ਪ੍ਰੋਗਰਾਮ ਦੀ ਭਾਲ ਕਰੋ। H&M, Zara, Uniqlo ਅਤੇ Patagonia ਕੋਲ ਆਪਣੇ ਖੁਦ ਦੇ ਬ੍ਰਾਂਡ ਵਾਲੇ ਕੱਪੜਿਆਂ ਲਈ ਮੁਫ਼ਤ ਰੀਸਾਈਕਲਿੰਗ ਪ੍ਰੋਗਰਾਮ ਹੈ। ਅਜਿਹੇ ਸਟੋਰ ਨੂੰ ਲੱਭਣ ਲਈ, recyclingnearyou.com.au ’ਤੇ ਜਾਓ। ਇਸ ਤੋਂ ਇਲਾਵਾ ਕੱਪੜਿਆਂ ਦੀ ਅਦਲਾ-ਬਦਲੀ ਦੇ ਇਵੈਂਟ ਵੀ ਲੋਕਾਂ ਦੀ ਪਸੰਦ ਬਣ ਰਹੇ ਹਨ।

Leave a Comment