ਮੈਲਬਰਨ : ਪੰਜਾਬੀ ਕਲਾਊਡ ਟੀਮ
-ਅਮਰੀਕਾ ਅਤੇ ਬ੍ਰਿਟੇਨ ਵਰਗੇ ਮੁਲਕਾਂ `ਚ ਸਫ਼ਲਤਾ ਦੇ ਝੰਡੇ ਗੱਡਣ ਤੋਂ ਬਾਅਦ ਭਾਰਤੀ ਮੂਲ (ਤਾਮਿਲ) ਦੇ ਥਰਮਨ ਸ਼ਨਮੁਗਾਰਤਨਮ (Tharman Shanmugaratna) ਨੂੰ ਸਿੰਗਾਪੋਰ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਉਹ ਦੇਸ਼ ਦੇ ਨੌਵੇਂ ਅਤੇ ਭਾਰਤੀ ਮੂ਼ਲ ਦੇ ਤੀਜੇ ਰਾਸ਼ਟਰਪਤੀ ਹਨ। ਉਨ੍ਹਾਂ ਨੇ 70 ਪਰਸੈਂਟ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਰਿਸ਼ੀ ਸੁੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਕਮਲਾ ਹੈਰਿਸ ਅਮਰੀਕਾ ਦੇ ਉਪ-ਰਾਸ਼ਟਰਪਤੀ ਚੁਣੇ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਮੁਗਾਰਤਨਮ ਪਹਿਲਾਂ ਫਾਈਨਾਂਸ ਮਨਿਸਟਰ ਵੀ ਰਹਿ ਚੁੱਕੇ ਹਨ, ਜੋ ਮੌਜੂਦਾ ਰਾਸ਼ਟਰਪਤੀ ਹਲੀਮਾ ਯਾਕੂਬ ਦੀ ਥਾਂ ਲੈਣਗੇ। ਇਸ ਜਿੱਤ ਨਾਲ ਸਿੰਗਾਪੋਰ ਦੀ ਸੱਤਾਧਾਰੀ ਪਾਰਟੀ ‘ਪੀਪਲਜ਼ ਐਕਸ਼ਨ ਪਾਰਟੀ’ ਨੂੰ ਬਹੁਤ ਉਤਸ਼ਾਹ ਮਿਿਲਆ ਹੈ। ਸਾਲ 1959 ਤੋਂ ਲਗਾਤਾਰ ਸਿੰਗਾਪੋਰ `ਤੇ ਰਾਜ ਕਰਨ ਵਾਲੀ ਇਹ ਪਾਰਟੀ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਘੁਟਾਲਿਆਂ `ਚ ਘਿਰੀ ਹੋਈ ਸੀ।
ਜਿ਼ਕਰਯੋਗ ਹੈ ਕਿ 66 ਸਾਲਾ ਸ਼ਨਮੁਗਾਰਤਨਮ ਪੇਸ਼ੇ ਵਜੋਂ ਇਕਾਨੋਮਿਸਟ ਹਨ, ਜੋ ਪਹਿਲਾਂ ਵੀ ਸਰਕਾਰ `ਚ ਕਈ ਤਰ੍ਹਾਂ ਦੇ ਅਹਿਮ ਅਹੁਦਿਆਂ `ਤੇ ਰਹਿ ਚੁੱਕੇ ਹਨ। ਉਨ੍ਹਾਂ ਲੰਡਨ ਸਕੂਲ ਇਕਨਾਮਿਕਸ (London School of Economics) ਤੋਂ ਗਰੈਜੂਏਸ਼ਨ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਇਕਨਾਮਿਕਸ ਵਿੱਚ ਪੋਸਟ-ਗਰੈਜ਼ੂਏਸ਼ਨ ਕੀਤੀ ਹੋਈ ਹੈ।
ਇਹਨਾਂ ਦੇ ਪਿਤਾ ਪ੍ਰੋਫ਼ੈਸਰ ਕੇ ਸ਼ਨਮੁਗਾਰਤਨਮ ਨੂੰ “ ਫਾਦਰ ਆਫ਼ ਪੈਥੋਲੋਜੀ ਇਨ ਸਿੰਗਾਪੋਰ” (Father of Pathology in Singapore) ਕਿਹਾ ਜਾਂਦਾ ਹੈ।
ਥਰਮਨ, ਚੀਨ-ਜਪਾਨ ਮੂਲ ਨਾਲ ਸਬੰਧਤ ਸਿੰਗਾਪੋਰ ਦੀ ਵਕੀਲ ਜੇਨ ਯੁਮੀਕੋ ਨਾਲ ਵਿਆਹੇ ਹੋਏ ਹਨ। ਜੋੜੇ ਦੇ ਇੱਕ ਧੀ ਅਤੇ ਤਿੰਨ ਪੁੱਤਰ ਹਨ।