ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ’ਚ ਲੇਬਰ ਪਾਰਟੀ ਦੀ ਇਤਿਹਾਸਕ ਜਿੱਤ, Anthony Albanese ਨੇ ਲਗਾਤਾਰ ਦੂਜਾ ਕਾਰਜਕਾਲ ਹਾਸਲ ਕੀਤਾ

ਮੈਲਬਰਨ : ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਦੇ ਹੈਰਾਨੀਜਨਕ ਨਤੀਜਿਆਂ ਵਿਚ ਪ੍ਰਧਾਨ ਮੰਤਰੀ Anthony Albanese ਨੇ ਇਤਿਹਾਸਕ ਦੂਜਾ ਕਾਰਜਕਾਲ ਹਾਸਲ ਕੀਤਾ ਹੈ, ਜਿਸ ਨਾਲ ਨਾ ਸਿਰਫ ਲੇਬਰ ਪਾਰਟੀ ਨੂੰ ਮਜ਼ਬੂਤ ਬਹੁਮਤ ਮਿਲਿਆ ਹੈ, ਬਲਕਿ ਵਿਰੋਧੀ ਧਿਰ ਦੇ ਨੇਤਾ Peter Dutton ਦੇ Coalition ਨੂੰ ਵੀ ਕਰਾਰਾ ਝਟਕਾ ਮਿਲਿਆ ਹੈ। Peter Dutton ਖ਼ੁਦ ਆਪਣੀ ਡਿਕਸਨ ਸੀਟ ਤੋਂ ਨਹੀਂ ਜਿੱਤ ਸਕੇ।

ਸ਼ਨੀਵਾਰ ਅੱਧੀ ਰਾਤ ਤੱਕ ਲੇਬਰ ਪਾਰਟੀ ਕੋਲ 89 ਸੀਟਾਂ ਸਨ, ਜੋ ਬਹੁਮਤ ਲਈ ਜ਼ਰੂਰੀ 76 ਸੀਟਾਂ ਤੋਂ ਕਾਫੀ ਜ਼ਿਆਦਾ ਹਨ, ਜਦੋਂ ਕਿ Coalition ਪਿਛਲੀਆਂ ਚੋਣਾਂ ਨਾਲੋਂ 20 ਘੱਟ ਕੇ ਸਿਰਫ 37 ਸੀਟਾਂ ’ਤੇ ਆ ਗਿਆ। ਸਾਲ 2004 ’ਚ ਜਾਨ ਹਾਵਰਡ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੌਜੂਦਾ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਨੂੰ ਲਗਾਤਾਰ ਚੋਣਾਂ ’ਚ ਜਿੱਤ ਦਿਵਾਈ ਹੈ।

ਸਿਡਨੀ ਦੇ ਅੰਦਰੂਨੀ-ਪੱਛਮ ’ਚ Canterbury-Hurlstone Park RSL ’ਚ ਖੁਸ਼ੀ ਨਾਲ ਭਰੇ Albanese ਦੇ ਲੋਕਾਂ ਨੇ ਕਿਹਾ, ‘‘ਅੱਜ ਆਸਟ੍ਰੇਲੀਆ ਦੇ ਲੋਕਾਂ ਨੇ ਸਾਰਿਆਂ ਲਈ ਨਿਰਪੱਖਤਾ, ਇੱਛਾ ਅਤੇ ਮੌਕਿਆਂ ਵਾਲੀਆਂ ਆਸਟ੍ਰੇਲੀਆਈ ਕਦਰਾਂ-ਕੀਮਤਾਂ ਨੂੰ ਵੋਟ ਦਿੱਤੀ ਹੈ।’’ ਉਨ੍ਹਾਂ ਨੇ ਇਸ ਜਿੱਤ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਦੱਸਿਆ।

ਡਟਨ ਨੇ ਹਾਰ ਨੂੰ ਸਵੀਕਾਰ ਕੀਤਾ ਅਤੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਅਸੀਂ ਇਸ ਮੁਹਿੰਮ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਮੈਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਪਰ ਅਸੀਂ ਮੁੜ ਪਾਰਟੀ ਖੜ੍ਹੀ ਕਰਾਂਗੇ।’’ ਡਟਨ ਨੇ ਕਿਹਾ ਕਿ ਹਾਰ ਦੇ ਬਾਵਜੂਦ, ਉਨ੍ਹਾਂ ਨੇ ਅਲਬਾਨੀਜ਼ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮਰਹੂਮ ਮਾਂ ਨੂੰ ਆਪਣੇ ਬੇਟੇ ਦੀ ਪ੍ਰਾਪਤੀ ’ਤੇ ਮਾਣ ਹੋਵੇਗਾ।

ਇਸ ਦੌਰਾਨ ਗ੍ਰੀਨਜ਼ ਪਾਰਟੀ ਨੂੰ ਸੰਭਾਵਿਤ ਝਟਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਦੇ ਲੀਡਰ ਐਡਮ ਬੈਂਡਟ ਆਪਣੀ ਮੈਲਬਰਨ ਸੀਟ ਨੂੰ ਬਰਕਰਾਰ ਰੱਖਣ ਦੀ ਸਖਤ ਦੌੜ ਵਿਚ ਹਨ।