ਮੈਲਬਰਨ : ਬੀਤੇ ਦਿਨੀਂ ਆਸਟ੍ਰੇਲੀਆ ’ਚ ਮੌਤ ਦੀ ਭੇਟ ਚੜ੍ਹਿਆ ਨੌਜਵਾਨ ਪੰਜਾਬ ਦੇ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਪਤਲੀ ਨਾਲ ਸਬੰਧਤ ਸੀ। ਮੈਲਬਰਨ ਦੇ ਇੱਕ ਹਸਪਤਾਲ ’ਚ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਰਹਿ ਰਹੇ ਗੁਰਪਿੰਦਰ ਸਿੰਘ ਧਾਲੀਵਾਲ ਦੀ ਦਿਲ ਦਾ ਦੌਰਾ ਪੈਣ ਕਾਰਨ 25 ਅਪ੍ਰੈਲ ਨੂੰ ਮੌਤ ਹੋ ਗਈ। ਗੁਰਪਿੰਦਰ ਸਿੰਘ ਛੇ ਸਾਲਾਂ ਤੋਂ ਅਪਣੀ ਪਤਨੀ ਜਸਕਿਰਨ ਕੌਰ ਨਾਲ ਮੈਲਬਰਨ ਰਹਿ ਰਿਹਾ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਆਇਆ ਸੀ। ਬੀਤੇ ਦਿਨੀਂ ਅਚਾਨਕ ਬਿਮਾਰ ਹੋਣ ’ਤੇ ਉਸ ਨੂੰ ਮੈਲਬਰਨ ਦੇ ਕੈਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਗੁਰਪਿੰਦਰ ਧਾਲੀਵਾਲ ਦਾ ਚਾਰ ਕੁ ਸਾਲ ਦਾ ਪੁੱਤਰ ਵੀ ਹੈ।
ਮ੍ਰਿਤਕ ਦੇ ਪਿਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਧਾਲੀਵਾਲ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਆਪਣੇ ਜੱਦੀ ਪਿੰਡ ਲਿਆਉਣ ਦੀ ਚਾਰਾਜੋਈ ਕਰ ਰਹੇ ਹਨ। ਉਨ੍ਹਾਂ ਦੀ ਇਸ ਵਾਸਤੇ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਮਦਦ ਕੀਤੀ ਜਾ ਰਹੀ ਹੈ।
ਜਸਕਿਰਨ ਕੌਰ ਨੇ ਇੱਕ ਗੋਫ਼ੰਡਮੀ ਵੀ ਸ਼ੁਰੂ ਕੀਤਾ ਹੈ ਜਿਸ ’ਤੇ ਜਾ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ : Fundraiser by Jaskiran Kaur : Urgent Fund Raising to repatriate body to India