ਮੈਲਬਰਨ : ਆਸਟ੍ਰੇਲੀਆ ਦੇ Tarneit ਹਲਕੇ ਤੋਂ ਸੰਸਦ ਮੈਂਬਰ Dylan Wight ਨੇ ਵੀਰਵਾਰ ਨੂੰ Chandigarh ਵਿਖੇ Punjab ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ, ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕੀਤੀ। ਸਪੀਕਰ ਸੰਧਵਾਂ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਸਿੱਖਿਆ, ਸਿਹਤ, ਖੇਡਾਂ ਅਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਹੋਰ ਵਧੇਰੇ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀਆਂ ਸਾਂਝੀਆਂ ਕਰਨ ਲਈ ਪੰਜਾਬ-ਅਧਾਰਤ ਸੰਸਥਾਵਾਂ ਨਾਲ ਭਾਈਵਾਲੀ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੇ, ਵਿਸ਼ੇਸ਼ ਤੌਰ ’ਤੇ ਆਸਟ੍ਰੇਲੀਆਈ ਯੂਨੀਵਰਸਿਟੀਆਂ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਚਕਾਰ ਸਹਿਯੋਗ ਦਾ ਪ੍ਰਸਤਾਵ ਰੱਖਿਆ ਤਾਂ ਜੋ ਨਵੇਂ ਖੋਜ ਕਾਰਜਾਂ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਆਪਸੀ ਲਾਭ ਲਿਆ ਜਾ ਸਕੇ। ਸਪੀਕਰ ਸੰਧਵਾਂ ਨੇ, ਹਰੀ ਊਰਜਾ ਦੇ ਵਿਕਾਸ ਵਿੱਚ ਪੰਜਾਬ ਦੀਆਂ ਮਹੱਤਵਪੂਰਨ ਸੰਭਾਵਨਾਵਾਂ ’ਤੇ ਚਾਨਣਾ ਪਾਇਆ ਅਤੇ Dylan Wight ਨੂੰ ਇਸ ਖੇਤਰ ਵਿੱਚ ਤਕਨਾਲੋਜੀ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ।
ਇਸ ਮੌਕੇ ’ਤੇ, ਸਪੀਕਰ ਸੰਧਵਾਂ ਨੇ ਡਾਇਲਨ ਵਾਈਟ ਨੂੰ ਇੱਕ ਰਵਾਇਤੀ ਲੋਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਕੱਚ ਦੀ ਮੂਰਤ ਭੇਟ ਕੀਤੀ। ਸੰਧਵਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਉਤਸ਼ਾਹਿਤ ਕੀਤਾ। ਮੀਟਿੰਗ ਦੌਰਾਨ ਐਮ.ਐਲ.ਏ. ਨਰਿੰਦਰ ਕੌਰ ਭਰਾਜ, ਮੈਲਬਰਨ ਤੋਂ ਸੁਖਮੀਤ ਸਿੰਘ, ਸਮਾਜਿਕ ਉੱਦਮੀ ਮਨੂ ਸਿੰਘ, ਅਤੇ ਡਾ. ਤਜਿੰਦਰ ਪਾਲ ਸਿੰਘ ਨਲਵਾ ਮੌਜੂਦ ਸਨ।