ਕੀ ਤੁਸੀਂ ਫ਼ੈਡਰਲ ਚੋਣਾਂ ’ਚ ਵੋਟ ਪਾਉਣ ਲਈ ਖ਼ੁਦ ਨੂੰ ਰਜਿਸਟਰਡ ਕਰ ਲਿਐ? ਜਾਣੋ ਵੋਟਿੰਗ ਦੀ ਪੂਰੀ ਪ੍ਰਕਿਰਿਆ

ਮੈਲਬਰਨ : ਆਸਟ੍ਰੇਲੀਆ ਦੀਆਂ ਫ਼ੈਡਰਲ ਚੋਣਾਂ 3 ਮਈ ਨੂੰ ਹਨ, ਇਸ ਲਈ ਆਪਣੀ ਵੋਟ ਪਾਉਣਾ ਯਕੀਨੀ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖ਼ੁਦ ਨੂੰ ਰਜਿਸਟਰਡ ਜ਼ਰੂਰ ਕਰੋ। 18 ਸਾਲ ਤੋਂ ਵੱਧ ਦੇ ਹਰ ਵਿਅਕਤੀ ਲਈ ਵੋਟ ਪਾਉਣ ਲਾਜ਼ਮੀ ਹੈ। ਵੋਟ ਨਾ ਪਾਉਣ ’ਤੇ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ।

ਖ਼ੁਦ ਨੂੰ ਰਜਿਸਟਰਡ ਕਰਨ ਲਈ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ https://www.aec.gov.au/enrol/ ’ਤੇ ਜਾਓ। ਰਜਿਸਟਰ ਦਾ ਆਖ਼ਰੀ ਸਮਾਂ 7 ਅਪ੍ਰੈਲ ਨੂੰ ਰਾਤ 8 ਵਜੇ ਤਕ ਹੀ ਹੈ। ਰਜਿਸਟਰ ਕਰਨ ਲਈ ਡਰਾਈਵਰ ਲਾਇਸੈਂਸ ਨੰਬਰ, ਪਾਸਪੋਰਟ ਨੰਬਰ, ਮੈਡੀਕੇਅਰ ਕਾਰਡ ਵੇਰਵੇ, ਆਸਟ੍ਰੇਲੀਅਨ ਸਿਟੀਜਨਸ਼ਿਪ ਨੰਬਰ ਚਾਹੀਦਾ ਹੈ। ਜੇਕਰ ਪਹਿਲਾਂ ਤੋਂ ਰਜਿਸਟਰਡ ਕੋਈ ਵਿਅਕਤੀ ਤੁਹਾਡੀ ਪੁਸ਼ਟੀ ਕਰਦਾ ਹੈ ਤਾਂ ਵੀ ਤੁਹਾਡਾ ਨਾਂ ਵੋਟਰ ਸੂਚੀ ’ਚ ਦਰਜ ਹੋ ਸਕਦਾ ਹੈ। ਇਨਰੋਲਮੈਂਟ ਸਟੇਟਸ ਜਾਣਨ ਲਈ ਇਸ ਲਿੰਕ ’ਤੇ ਕਲਿੱਕ ਕਰੋ : https://check.aec.gov.au/

ਪੋਸਟਲ ਵੋਟਾਂ ਪਾਉਣ ਲਈ ਅਰਜ਼ੀਆਂ ਹੁਣ ਖੁੱਲ੍ਹੀਆਂ ਹਨ ਅਤੇ ਇਸ ਰਾਹੀਂ ਵੋਟਾਂ ਦੀ ਸ਼ੁਰੂਆਤ 22 ਅਪ੍ਰੈਲ ਤੋਂ ਹੋ ਜਾਵੇਗੀ। ਪੋਸਟਲ ਵੋਟਾਂ 30 ਅਪ੍ਰੈਲ ਨੂੰ ਸ਼ਾਮ 6 ਵਜੇ ਬੰਦ ਹੋ ਜਾਣਗੀਆਂ। ਜੇਕਰ ਤੁਸੀਂ ਦੇਸ਼ ਤੋਂ ਬਾਹਰ ਹੋ ਤਾਂ ਤੁਸੀਂ ਇਸ ਬਦਲ ਦਾ ਪ੍ਰਯੋਗ ਕਰ ਸਕਦੇ ਹੋ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਵੋਟਿੰਗ ਕੇਂਦਰ ਹਨ, ਜਿਨ੍ਹਾਂ ਦਾ ਪ੍ਰਯੋਗ ਤੁਸੀਂ ਕਰ ਸਕਦੇ ਹੋ। ਅਜਿਹੇ ਕੇਂਦਰਾਂ ਦੀ ਸੂਚੀ ਇਸ ਲਿੰਕ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ : https://www.aec.gov.au/overseas/

ਵੋਟ ਕਿਸ ਤਰ੍ਹਾਂ ਪਾਈਏ?

ਜੇ ਤੁਸੀਂ ਕਿਸੇ ਪੋਲਿੰਗ ਸਥਾਨ ’ਤੇ ਵਿਅਕਤੀਗਤ ਤੌਰ ’ਤੇ ਵੋਟ ਪਾ ਰਹੇ ਹੋ, ਤਾਂ ਤੁਹਾਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ: ਇੱਕ ਹਾਊਸ ਆਫ਼ ਰੀਪਰੈਜ਼ੈਂਟੇਟਿਵ ਲਈ, ਅਤੇ ਇੱਕ ਸੈਨੇਟ ਲਈ।
ਹਾਊਸ ਆਫ਼ ਰੀਪਰੈਜ਼ੈਂਟੇਟਿਵ ਵਿੱਚ ਵੋਟ ਪਾਉਣ ਲਈ, ਤੁਹਾਨੂੰ ਤਰਜੀਹ ਦੇ ਕ੍ਰਮ ਵਿੱਚ ਆਪਣੇ ਬੈਲਟ ਪੇਪਰ ’ਤੇ ਹਰ ਉਮੀਦਵਾਰ ਨੂੰ ਨੰਬਰ ਦੇਣ ਦੀ ਲੋੜ ਹੋਵੇਗੀ। ਤੁਹਾਨੂੰ ਹਰ ਬਾਕਸ ਨੂੰ ਨੰਬਰ ਦੇਣਾ ਪਵੇਗਾ, ਨਹੀਂ ਤਾਂ ਤੁਹਾਡੀ ਵੋਟ ਦੀ ਗਿਣਤੀ ਨਹੀਂ ਕੀਤੀ ਜਾਵੇਗੀ। 150 ਲੋਕਲ ਖੇਤਰਾਂ ਵਿਚੋਂ ਹਰ ਵਿਚ ਵੋਟਰ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਇਕ ਸੰਸਦ ਮੈਂਬਰ ਦੀ ਚੋਣ ਕਰਦੇ ਹਨ।