ਵਿਆਜ ਰੇਟ ’ਚ ਕਮੀ ਮਗਰੋਂ ਲਗਾਤਾਰ ਦੂਜੇ ਮਹੀਨੇ ਵਧੀਆਂ ਪ੍ਰਾਪਰਟੀ ਦੀਆਂ ਕੀਮਤਾਂ

ਮੈਲਬਰਨ : ਫ਼ਰਵਰੀ ’ਚ RBA ਵੱਲੋਂ ਲੰਮੇ ਸਮੇਂ ਬਾਅਦ ਵਿਆਜ ਰੇਟ ਘੱਟ ਕਰਨ ਮਗਰੋਂ ਲਗਾਤਾਰ ਦੂਜੇ ਮਹੀਨੇ ਇੱਕ ਸਟੇਟ ਨੂੰ ਛੱਡ ਕੇ ਆਸਟ੍ਰੇਲੀਆ ਭਰ ’ਚ ਮਕਾਨਾਂ ਦੀਆਂ ਕੀਮਤਾਂ ’ਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ RBA ਵੱਲੋਂ ਅੱਜ ਮੁੜ ਵਿਆਜ ਰੇਟ ਦੀ ਸਮੀਖਿਆ ਕੀਤੀ ਜਾਵੇਗੀ, ਜਿਸ ’ਚ ਵਿਆਜ ਰੇਟ ’ਚ ਇੱਕ ਹੋਰ ਕਮੀ ਦੀ ਉਮੀਦ ਹੈ।

CoreLogic ਦੇ ਹੋਮ ਵੈਲਿਊ ਇੰਡੈਕਸ ਅਨੁਸਾਰ, ਮਾਰਚ ਵਿੱਚ ਆਸਟ੍ਰੇਲੀਆ ਦੀ ਪ੍ਰਾਪਰਟੀ ਦੀਆਂ ਕੀਮਤਾਂ ਦੇਸ਼ ਭਰ ਵਿੱਚ 0.4٪ ਦੇ ਵਾਧੇ ਨਾਲ ਨਵੇਂ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਵਾਧੇ ਨੇ ਪਿਛਲੇ ਤਿੰਨ ਮਹੀਨਿਆਂ ਦੀ ਗਿਰਾਵਟ ਨੂੰ ਉਲਟਾ ਦਿੱਤਾ ਹੈ। ਹੋਬਾਰਟ ਨੂੰ ਛੱਡ ਕੇ ਹਰ ਰਾਜਧਾਨੀ ਸ਼ਹਿਰ ਵਿੱਚ ਵਾਧਾ ਵੇਖਿਆ ਗਿਆ, ਡਾਰਵਿਨ 1٪ ਦੇ ਨਾਲ ਸਭ ਤੋਂ ਅੱਗੇ ਰਿਹਾ, ਜਦਕਿ ਹੋਬਾਰਟ ’ਚ ਕੀਮਤਾਂ 0.4% ਘਟੀਆਂ ਹਨ।

ਮੈਲਬਰਨ ਦੀਆਂ ਕੀਮਤਾਂ ’ਚ ਪਿਛਲੇ ਦੋ ਮਹੀਨਿਆਂ ਦੌਰਾਨ 0.9 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਆਪਣੇ ਸਿਖਰ ਤੋਂ ਫਿਰ ਵੀ ਹੇਠਾਂ 5.6 ਫ਼ੀ ਸਦੀ ਹੇਠਾਂ ਹਨ। ਸਿਡਨੀ ’ਚ ਵੀ ਕੀਮਤਾਂ ’ਚ ਵਾਧੇ ਦੇ ਬਾਵਜੂਦ ਇਹ ਆਪਣੇ ਸਿਖਰ ਤੋਂ 1.4 ਫ਼ੀ ਸਦੀ ਹੇਠਾਂ ਹਨ, ਪਰ ਕਿਰਾਏ ਦੀਆਂ ਕੀਮਤਾਂ ਰਿਕਾਰਡ ਉੱਚੇ ਪੱਧਰ ’ਤੇ ਹਨ। ਹੋਬਾਰਟ ਨੇ ਪਿਛਲੇ ਮਹੀਨੇ ਕਿਰਾਏ ਵਿੱਚ 1.2٪ ਦਾ ਵਾਧਾ ਵੇਖਿਆ ਹੈ, ਜਦਕਿ ਮੈਲਬਰਨ ’ਚ ਇਹ 0.3 ਫ਼ੀ ਸਦੀ ਰਿਹਾ।