ਮੈਲਬਰਨ : ਮੈਲਬਰਨ ਦੇ ਪੱਛਮ ’ਚ ਇਕ 25 ਸਾਲ ਦੇ DiDi ਡਰਾਈਵਰ ਰਜਨੀਸ਼ ’ਤੇ ਚਾਕੂਆਂ ਨਾਲ ਲੈਸ ਯਾਤਰੀਆਂ ਦੇ ਇਕ ਸਮੂਹ ਨੇ ਹਮਲਾ ਕਰ ਦਿੱਤਾ। ਭਾਰਤੀ ਮੂਲ ਦਾ ਰਜਨੀਸ਼ ਮੈਲਬਰਨ ’ਚ ਸਟੂਡੈਂਟ ਹੈ ਅਤੇ ਡਰਾਈਵਰ ਵੱਜੋਂ ਕੰਮ ਕਰਨ ਦੌਰਾਨ Albion ਤੋਂ ਤੜਕੇ 1 ਵਜੇ ਇੱਕ ਗਾਹਕ ਨੂੰ ਚੁੱਕ ਰਿਹਾ ਸੀ, ਜਦੋਂ ਤਿੰਨ-ਚਾਰ ਵਿਅਕਤੀਆਂ ਨੇ ਕਥਿਤ ਤੌਰ ’ਤੇ ਉਸ ਦੀ ਕਾਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਉਸ ’ਤੇ ਚਾਕੂਆਂ ਨਾਲ ਹਮਲਾ ਕੀਤਾ ਅਤੇ ਦੀ ਕਾਰ ਤੋਂ ਬਾਹਰ ਧੂਹ ਲਿਆ।
ਉਸ ਦੀਆਂ ਹੱਥਾਂ ਦੀਆਂ ਉਂਗਲੀਆਂ ਅਤੇ ਲੱਤਾਂ ’ਤੇ ਡੂੰਘੇ ਜ਼ਖ਼ਮ ਹੋ ਗਏ। ਉਹ ਆਪਣੀ ਕਾਰ ’ਚੋਂ ਚਾਬੀਆਂ ਸਮੇਤ ਭੱਜ ਗਿਆ ਪਰ ਹਮਲਾਵਰ ਉਸ ਦਾ ਕਈ ਮਿੰਟਾਂ ਤਕ ਪਿੱਛਾ ਕਰਦੇ ਰਹੇ। ਉਸ ਦੀਆਂ ਤਿੰਨ ਸਰਜਰੀ ਹੋਈਆਂ ਹਨ। ਉਸ ਨੂੰ ਠੀਕ ਹੋਣ ਵਿੱਚ 6 ਤੋਂ 10 ਮਹੀਨੇ ਲੱਗਣ ਦੀ ਉਮੀਦ ਹੈ। ਦੋਸਤਾਂ ਨੇ ਉਸ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਇੱਕ GoFundMe ਫੰਡਰੇਜ਼ਰ ਲਾਂਚ ਕੀਤਾ ਹੈ ਜਦੋਂ ਉਹ ਕੰਮ ਕਰਨ ਵਿੱਚ ਅਸਮਰੱਥ ਹੈ। DiDi ਦੇ ਬਾਹਰੀ ਮਾਮਲਿਆਂ ਦੇ ਮੁਖੀ Daniel Jordan ਨੇ ਕਿਹਾ ਕਿ ਕੰਪਨੀ ਰਜਨੀਸ਼ ਦੀ ਮਦਦ ਕਰ ਰਹੀ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਹਮਲਾਵਰਾਂ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ 1800 333 000 ’ਤੇ ਸੰਪਰਕ ਕਰ ਸਕਦਾ ਹੈ।
(ਤਸਵੀਰਾਂ : Nine)