ਮੈਲਬਰਨ : ਆਸਟ੍ਰੇਲੀਆਈ ਲੋਕਾਂ ਲਈ ਆਉਣ ਵਾਲੇ ਮਹੀਨਿਆਂ ਵਿੱਚ ਬਿਜਲੀ ਦੇ ਬਿੱਲਾਂ ’ਚ ਵਾਧਾ ਹੋਣ ਵਾਲਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਉੱਚ ਜੀਵਨ ਲਾਗਤ ’ਤੇ ਹੋਰ ਬੋਝ ਪਵੇਗਾ। NSW, ਸਾਊਥ-ਈਸਟ ਕੁਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ਦੇ ਗਾਹਕਾਂ ਲਈ ਕੀਮਤਾਂ 2.5٪ ਤੋਂ 8.9٪ ਦੇ ਵਿਚਕਾਰ ਵਧਣ ਦੀ ਉਮੀਦ ਹੈ।
ਵਾਧੇ ਬਾਰੇ ਆਸਟ੍ਰੇਲੀਅਨ ਐਨਰਜੀ ਰੈਗੂਲੇਟਰ (AER) ਨੇ ਅੱਜ ਡਰਾਫ਼ਟ ਜਾਰੀ ਕੀਤਾ ਹੈ। ਮਹਿੰਗਾਈ ਰੇਟ ਅਨੁਸਾਰ 1 ਜੁਲਾਈ ਤੋਂ ਖੇਤਰ ਦੇ ਅਧਾਰ ’ਤੇ 60 ਡਾਲਰ ਤੋਂ 140 ਡਾਲਰ ਦੇ ਸਾਲਾਨਾ ਕੀਮਤ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ। ਛੋਟੇ ਕਾਰੋਬਾਰਾਂ ਵਿੱਚ 4.2٪ ਅਤੇ 8.2٪ ਦੇ ਵਿਚਕਾਰ ਵਾਧਾ ਵੇਖਿਆ ਜਾ ਸਕਦਾ ਹੈ, ਜਦੋਂ ਕਿ ਵਿਕਟੋਰੀਆ ਵਿੱਚ ਗਾਹਕਾਂ ਲਈ ਪੰਜ ਜ਼ੋਨਾਂ ਵਿੱਚ ਔਸਤਨ 12 ਡਾਲਰ ਦਾ ਵਾਧਾ ਹੋ ਸਕਦਾ ਹੈ। ਹਰ ਇਲਾਕੇ ’ਚ ਵਾਧਾ ਵੱਖੋ-ਵੱਖ ਹੋਵੇਗਾ।