ਅਮਰੀਕਾ ’ਚ ਭਿਆਨਕ ਹਵਾਈ ਹਾਦਸਾ, 60 ਲੋਕਾਂ ਨੂੰ ਲੈ ਕੇ ਜਾ ਰਿਹਾ ਹਵਾਈ ਜਹਾਜ਼ ਫ਼ੌਜ ਦੇ ਹੈਲੀਕਾਪਟਰ ਨਾਲ ਟਕਰਾ ਕੇ ਦਰਿਆ ’ਚ ਡਿੱਗਾ, ਦਰਜਨਾਂ ਦੀ ਮੌਤ

ਮੈਲਬਰਨ : ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਨੇੜੇ ਬੁੱਧਵਾਰ ਰਾਤ ਨੂੰ ਅਮਰੀਕੀ ਏਅਰਲਾਈਨਜ਼ ਦੀ ਫਲਾਈਟ 5342 ਅਤੇ ਅਮਰੀਕੀ ਫੌਜ ਦੇ ਬਲੈਕਹਾਕ ਹੈਲੀਕਾਪਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਜਹਾਜ਼ 60 ਯਾਤਰੀਆਂ ਅਤੇ ਚਾਲਕ ਦਲ ਦੇ 4 ਮੈਂਬਰਾਂ ਨੂੰ ਲੈ ਕੇ ਹਵਾਈ ਅੱਡੇ ਦੇ ਨੇੜੇ ਆ ਰਿਹਾ ਸੀ ਕਿ ਹੈਲੀਕਾਪਟਰ ਨਾਲ ਟਕਰਾ ਗਿਆ, ਜਿਸ ਵਿਚ ਅਮਰੀਕੀ ਫੌਜ ਦੇ ਤਿੰਨ ਜਵਾਨ ਸਵਾਰ ਸਨ।

ਇਸ ਹਾਦਸੇ ਕਾਰਨ ਹੈਲੀਕਾਪਟਰ ਪੋਟੋਮੈਕ ਦਰਿਆ ’ਚ ਹਾਦਸਾਗ੍ਰਸਤ ਹੋ ਗਿਆ ਅਤੇ ਅਧਿਕਾਰੀਆਂ ਨੇ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਹਨ। ਇਸ ਘਟਨਾ ਤੋਂ ਬਾਅਦ ਯੂ.ਐਸ. ਪਾਰਕ ਪੁਲਿਸ ਅਤੇ ਡੀ.ਸੀ. ਮੈਟਰੋਪੋਲੀਟਨ ਪੁਲਿਸ ਵਿਭਾਗ ਸਮੇਤ ਕਈ ਏਜੰਸੀਆਂ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋ ਗਈਆਂ।

ਟੱਕਰ ਨੇੜਲੇ ਨਿਗਰਾਨੀ ਕੈਮਰੇ ਦੀ ਫੁਟੇਜ ਦੇ ਪਲ ਨੂੰ ਕੈਦ ਕਰ ਲਿਆ, ਜਿਸ ਵਿਚ ਅੱਗ ਦਾ ਗੋਲਾ ਫਟਣ ਤੋਂ ਪਹਿਲਾਂ ਲਾਈਟਾਂ ਦੇ ਦੋ ਸੈੱਟ ਆਪਸ ’ਚ ਟਕਰਾਉਂਦੇ ਦਿਖਾਈ ਦੇ ਰਹੇ ਹਨ। ਹਵਾਈ ਅੱਡੇ ਨੇ ਸਾਰੀਆਂ ਉਡਾਣਾਂ ਅਤੇ ਲੈਂਡਿੰਗਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਐਮਰਜੈਂਸੀ ਕਰਮਚਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ।

ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵਾਂਸ ਦੋਵਾਂ ਨੇ ਬਿਆਨ ਜਾਰੀ ਕਰ ਕੇ ਰਾਹਤ ਕਾਰਜਾਂ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ ਅਤੇ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ।