‘‘ਪੈਰਿਸ ਜ਼ਰੂਰ ਹਾਈ ਅਲਰਟ ’ਤੇ…’’, ਪਾਕਿਸਤਾਨੀ ਏਅਰਲਾਈਨਜ਼ ਦਾ ਇਸ਼ਤਿਹਾਰ ਬਣਿਆ ਵਿਵਾਦ ਦਾ ਵਿਸ਼ਾ, PM ਸ਼ਾਹਬਾਜ਼ ਸ਼ਰੀਫ਼ ਨੇ ਦਿਤੇ ਜਾਂਚ ਦੇ ਹੁਕਮ

ਮੈਲਬਰਨ : ਪਾਕਿਸਤਾਨੀ ਇੰਟਰਨੈਸ਼ਨਲ ਏਅਰਲਾਈਨਜ਼ ਵੱਲੋਂ ਦਿੱਤਾ ਇੱਕ ਇਸ਼ਤਿਹਾਰ ਵਿਵਾਦ ਦਾ ਵਿਸ਼ਾ ਬਣ ਗਿਆ ਹੈ, ਜਿਸ ’ਚ ਉਸ ਦਾ ਇੱਕ ਹਵਾਈ ਜਹਾਜ਼ ਪੈਰਿਸ ਦੇ ਆਈਫ਼ਲ ਟਾਵਰ ਵਲ ਟੱਕਰ ਮਾਰਨ ਲਈ ਜਾਂਦਾ ਲਗਦਾ ਹੈ। ਦਰਅਸਲ ਇਹ ਇਸ਼ਤਿਹਾਰ ਕੰਪਨੀ ਨੇ ਆਪਣੀਆਂ ਉਡਾਨਾਂ ’ਤੇ ਯੂਰਪੀ ਦੇਸ਼ਾਂ ਦੀ ਚਾਰ ਸਾਲ ਦੀ ਪਾਬੰਦੀ ਹਟਣ ਦੀ ਖ਼ੁਸ਼ੀ ’ਚ ਜਾਰੀ ਕੀਤਾ ਸੀ ਅਤੇ ਇਸ ’ਤੇ ਇਹ ਲਿਖਿਆ ਸੀ, ‘‘ਪੈਰਿਸ, ਅਸੀਂ ਆ ਰਹੇ ਹਾਂ।’’ ਪਰ ਪਤਾ ਨਹੀਂ ਗ਼ਲਤੀ ਨਾਲ ਜਾਂ ਸ਼ਰਾਰਤ ਕਾਰਨ ਇਸ ਇਸ਼ਤਿਹਾਰ ਨੂੰ ਵੇਖ ਕੇ ਅਮਰੀਕਾ ’ਚ 9/11 ਦੇ ਹਮਲਿਆਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਸੋਸ਼ਲ ਮੀਡੀਆ ’ਤੇ ਇਸ ਇਸ਼ਤਿਹਾਰ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ ਅਤੇ ਕਈ ਜਣੇ PIA ਦਾ ਮਖੌਲ ਵੀ ਉਡਾ ਰਹੇ ਹਨ। ਇੱਕ ਵਿਅਕਤੀ ਨੇ ਲਿਖਿਆ, ‘‘ਪੈਰਿਸ ਜ਼ਰੂਰ ਹਾਈ ਅਲਰਟ ’ਤੇ ਹੋਵੇਗਾ।’’ ਜਦਕਿ ਇੱਕ ਹੋਰ ਨੇ ਲਿਖਿਆ, ‘‘ਇਸ ਇਸ਼ਤਿਹਾਰ ਨੂੰ ਮਨਜ਼ੂਰੀ ਕਿਸ ਨੇ ਦਿੱਤੀ।’’ ਹਾਲਾਂਕਿ ਵਿਵਾਦ ਭਖਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਜਾਂਚ ਦਾ ਹੁਕਮ ਦਿੱਤਾ ਹੈ। ਯੂਰੋਪੀਅਨ ਯੂਨੀਅਲ ਨੇ ਕਰਾਚੀ ’ਚ PIA ਦੇ ਇੱਕ ਜਹਾਜ਼ ਦੇ ਕਰੈਸ਼ ਹੋਣ ਅਤੇ ਹਾਦਸੇ ’ਚ 97 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇਸ ’ਤੇ ਪਾਬੰਦੀ ਲਗਾ ਦਿੱਤੀ ਸੀ। ਉਸ ਵੇਲੇ ਏਵੀਏਸ਼ਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਦੇਸ਼ ਦੇ ਇੱਕ ਤਿਹਾਈ ਪਾਈਲਟਾਂ ਨੇ ਆਪਣੇ ਇਮਤਿਹਾਨ ’ਚ ਨਕਲ ਮਾਰ ਕੇ ਨੌਕਰੀ ਪ੍ਰਾਪਤ ਕੀਤੀ ਸੀ।