ਆਸਟ੍ਰੇਲੀਆ ਵਸਦੇ ਤਿੰਨ ਬੱਚਿਆਂ ਦੇ ਪੰਜਾਬ ’ਚ ਇਕੱਲੇ ਰਹਿੰਦੇ ਮਾਤਾ-ਪਿਤਾ ਨਾਲ ਵਾਪਰੀ ਦਿਲ ਕੰਬਾਊ ਵਾਰਦਾਤ

ਮੈਲਬਰਨ : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਨਵਾਲਾ ਹਨੂੰਵੰਤਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਚੋਰਾਂ ਨੇ ਰਾਤ ਕਰੀਬ 1 ਵਜੇ 80 ਸਾਲ ਦੀ ਔਰਤ ਹਰਬੰਸ ਕੌਰ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਜ਼ੁਰਗ ਜੋੜਾ ਘਰ ਵਿੱਚ ਇਕੱਲਾ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਦੋਹਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਨਾਨਾ-ਨਾਨੀ ਇਕੱਲੇ ਰਹਿੰਦੇ ਸਨ ਤੇ ਉਨ੍ਹਾਂ ਬੱਚੇ ਆਸਟ੍ਰੇਲੀਆ ਵਿਚ ਹਨ।

ਨਿਰਭੈ ਸਿੰਘ (82) ਨੇ ਫਾਜ਼ਿਲਕਾ ਦੀ ਸਦਰ ਪੁਲਿਸ ਨੂੰ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਤਿੰਨ ਅਣਪਛਾਤੇ ਵਿਅਕਤੀ ਕੀਮਤੀ ਸਾਮਾਨ ਲੁੱਟਣ ਦੇ ਇਰਾਦੇ ਨਾਲ ਮੁੱਖ ਗੇਟ ਤੋਂ ਛਾਲ ਮਾਰ ਕੇ ਉਨ੍ਹਾਂ ਦੇ ਘਰ ’ਚ ਦਾਖਲ ਹੋਏ। ਨਿਰਭੈ ਸਿੰਘ ਅਤੇ ਉਸ ਦੀ ਪਤਨੀ ਹਰਬੰਸ ਕੌਰ ਨਾਲ ਲੱਗਦੇ ਵੱਖ-ਵੱਖ ਕਮਰਿਆਂ ਵਿੱਚ ਸੁੱਤੇ ਹੋਏ ਸਨ। ਰੌਲਾ ਸੁਣ ਕੇ ਨਿਰਭੈ ਸਿੰਘ ਆਪਣੇ ਕਮਰੇ ਤੋਂ ਬਾਹਰ ਆਇਆ ਅਤੇ ਦੇਖਿਆ ਕਿ ਚੋਰਾਂ ਨੇ ਉਸ ਦੀ ਪਤਨੀ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਸਨ ਅਤੇ ਘਰ ਵਿਚ ਸੋਨੇ ਅਤੇ ਨਕਦੀ ਬਾਰੇ ਜਾਣਕਾਰੀ ਮੰਗ ਰਹੇ ਸਨ।

ਜਦੋਂ ਨਿਰਭੈ ਸਿੰਘ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੀਆਂ ਲੱਤਾਂ ਨੂੰ ਉਸ ਦੀ ਪੱਗ ਨਾਲ ਬੰਨ੍ਹ ਦਿੱਤਾ ਅਤੇ ਉਸ ਨੂੰ ਇਕ ਪਾਸੇ ਸੁੱਟ ਦਿੱਤਾ। ਹਰਬੰਸ ਕੌਰ ਨੇ ਵਿਰੋਧ ਕੀਤਾ, ਚੋਰਾਂ ਨੇ ਕਥਿਤ ਤੌਰ ’ਤੇ ਉਸ ਨੂੰ ਜ਼ਖਮੀ ਕਰ ਦਿੱਤਾ, ਉਸ ਦਾ ਕਤਲ ਕਰ ਦਿੱਤਾ ਅਤੇ ਲੁੱਟ ਲੈ ਕੇ ਫਰਾਰ ਹੋ ਗਏ। ਨਿਰਭੈ ਸਿੰਘ ਨੇ ਕਿਸੇ ਤਰ੍ਹਾਂ ਆਪਣੀਆਂ ਲੱਤਾਂ ਖੋਲ੍ਹੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਹੈ।