ਮੈਲਬਰਨ : ਆਸਟ੍ਰੇਲੀਆਈ ਪ੍ਰਾਪਰਟੀ ਮਾਰਕੀਟ ਅਕਸਰ ਆਪਣੀਆਂ ਉੱਚੀਆਂ ਕੀਮਤਾਂ ਲਈ ਸੁਰਖੀਆਂ ’ਚ ਰਹਿੰਦੀ ਹੈ, ਪਰ ਘੱਟ ਬਜਟ ਵਾਲਿਆਂ ਲਈ ਅਜੇ ਵੀ ਉਮੀਦ ਕਾਇਮ ਹੈ। CoreLogic ਦੇ ਅਨੁਸਾਰ, ਕੁੱਝ ਸਬਅਰਬ ਹਨ ਜੋ ਸਸਤੇ ਮਕਾਨਾਂ ਦੇ ਨਾਲ ਹੀ ਠੋਸ ਬੁਨਿਆਦੀ ਢਾਂਚੇ, ਨੇੜੇ ਸਹੂਲਤਾਂ ਅਤੇ ਚੰਗੇ ਭਾਈਚਾਰੇ ਦੀ ਭਾਲ ਕਰਨ ਵਾਲਿਆਂ ਨੂੰ ਮੌਕੇ ਪ੍ਰਦਾਨ ਕਰ ਰਹੇ ਹਨ। ਹੇਠਾਂ ਲਿਖੇ ਕੁੱਝ ਸਬਅਰਬ ਹਨ ਜੋ ਤੁਹਾਨੂੰ ਜੀਵਨ ਸ਼ੈਲੀ ਨਾਲ ਸਮਝੌਤਾ ਕੀਤੇ ਬਿਨਾਂ ਸਸਤੀ ਰਿਹਾਇਸ਼ ਦਾ ਮੌਕਾ ਪ੍ਰਦਾਨ ਕਰਦੇ ਹਨ:
ਸਿਡਨੀ ਦੇ ਸੈਂਟਰਲ ਕੋਸਟ ’ਤੇ ਸਭ ਤੋਂ ਸਸਤਾ ਸਬਅਰਬ San Remo ਹੈ ਜਿੱਥੇ ਮਕਾਨਾਂ ਦਾ ਔਸਤ ਮੁੱਲ 692,302 ਡਾਲਰ ਹੈ। ਇਹ ਸਬਅਰਬ ਸੁੰਦਰ ਜਲ ਮਾਰਗਾਂ ਅਤੇ ਸਮੁੰਦਰੀ ਤੱਟਾਂ ਦੇ ਬਹੁਤ ਨੇੜੇ ਹੋਣ ਦੇ ਨਾਲ ਹੀ ਇੱਕ ਪਰਿਵਾਰਕ-ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ। 700,000 ਡਾਲਰ ਤੋਂ ਘੱਟ ਔਸਤ ਮੁੱਲ ਦੇ ਨਾਲ, ਇਹ NSW ਮਾਰਕੀਟ ਵਿੱਚ ਇੱਕ ਆਕਰਸ਼ਕ ਪ੍ਰਵੇਸ਼ ਬਿੰਦੂ ਹੈ। ਇਸ ਤੋਂ ਇਲਾਵਾ Gorokan (ਔਸਤ ਮੁੱਲ: 698,598 ਡਾਲਰ), Mount Victoria (ਔਸਤ ਮੁੱਲ: 719,364 ਡਾਲਰ), Charmhaven (ਔਸਤ ਮੁੱਲ: 727,767 ਡਾਲਰ), Budgewoi (ਔਸਤ ਮੁੱਲ: 729,150 ਡਾਲਰ) ਵੀ ਮੁਕਾਬਲਤਨ ਘੱਟ ਕੀਮਤ ’ਚ ਚੰਗੇ ਬਦਲ ਸਾਬਤ ਹੋ ਸਕਦੇ ਹਨ।
ਮੈਲਬਰਨ ਦੀ ਗੱਲ ਕਰੀਏ ਤਾਂ ਇਸ ਦੇ Northwest growth corridor ’ਚ ਸਭ ਤੋਂ ਸਸਤਾ ਸਬਅਰਬ Melton West ਹੈ ਜਿਥੇ ਮਕਾਨਾਂ ਦਾ ਔਸਤ ਮੁੱਲ 474,970 ਡਾਲਰ ਹੈ। ਇਹ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਲਈ ਇਕੋ ਜਿਹਾ ਆਕਰਸ਼ਣ ਬਣਿਆ ਹੋਇਆ ਹੈ। Melton West ਅਤੇ Melton South ਵਰਗੇ ਸਬਅਰਬ CBD ਨਾਲ ਆਵਾਜਾਈ ਸੰਪਰਕ ਦੀ ਸਹੂਲਤ ਪ੍ਰਦਾਨ ਕਰਦੇ ਹਨ। Melton South ’ਚ ਔਸਤ ਮੁੱਲ 499,956 ਡਾਲਰ, Coolaroo ’ਚ 539,203 ਡਾਲਰ, Campbellfield ’ਚ 542,010 ਡਾਲਰ, Kurunjang ’ਚ 545,438 ਡਾਲਰ ਹੈ।
ਬ੍ਰਿਸਬੇਨ ਦਾ ਸਭ ਤੋਂ ਸਸਤਾ ਸਬਅਰਬ Lamb Island ਹੈ ਜਿੱਥੇ ਮਕਾਨਾਂ ਦਾ ਔਸਤ ਮੁੱਲ 416,295 ਡਾਲਰ ਹੈ। ਬ੍ਰਿਸਬੇਨ ਤੋਂ 21 ਕਿਲੋਮੀਟਰ ਈਸਟ ਵਿੱਚ ਸਥਿਤ Lamb Island (Ngudooroo) Moreton Bay ਵਿੱਚ ਇੱਕ ਲੁਕਿਆ ਹੋਇਆ ਨਗੀਨਾ ਹੈ। Lamb Island ’ਤੇ ਜ਼ਿੰਦਗੀ ਸਧਾਰਣ ਹੈ। 500 ਵਸਨੀਕਾਂ ਵਿੱਚੋਂ ਬਹੁਤ ਸਾਰਿਆਂ ਨੇ ਕਾਰਾਂ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ। ਇੱਥੇ ਲੋਕ ਬਾਈਕ, ਸਕੂਟਰ ਜਾਂ ਪੈਦਲ ਚੱਲਣ ਦੀ ਚੋਣ ਕਰਦੇ ਹਨ। ਲੰਬੀ ਯਾਤਰਾ ਲਈ ਇੱਥੇ ਭਾਈਚਾਰੇ ਵੱਲੋਂ ਚਲਾਈ ਜਾਂਦੀ Lamb Van ਹੈ। ਇੱਕ ਤੇਜ਼ 20 ਮਿੰਟ ਦੀ ਫੈਰੀ ਸਵਾਰੀ Lamb Island ਨੂੰ Redland Bay ਨਾਲ ਜੋੜਦੀ ਹੈ। Lamb Island ਤੋਂ ਇਲਾਵਾ Russell Island ’ਚ ਮਕਾਨਾਂ ਦਾ ਔਸਤ ਮੁੱਲ 423,067 ਡਾਲਰ, Kooralbyn ’ਚ 294,273 ਡਾਲਰ, Woodridge ’ਚ 438,623 ਡਾਲਰ ਅਤੇ Kingston ’ਚ 445,000 ਡਾਲਰ ਹੈ।
ਐਡੀਲੇਡ ’ਚ ਸਭ ਤੋਂ ਸਸਤਾ ਸਬਅਰਬ Elizabeth North ਹੈ ਜਿੱਥੇ ਔਸਤ ਮੁੱਲ 468,890 ਡਾਲਰ ਹੈ। ਐਡੀਲੇਡ ਦਾ ਨੌਰਥ ਲਗਾਤਾਰ ਕਿਸੇ ਵੀ ਆਸਟ੍ਰੇਲੀਆਈ ਕੈਪੀਟਲ ਸਿਟੀ ਵਿੱਚ ਸਭ ਤੋਂ ਕਿਫਾਇਤੀ ਥਾਵਾਂ ਵਿੱਚੋਂ ਇੱਕ ਬਣਿਆ ਹੋਇਆ ਹੈ। Elizabeth North ਦੀ ਪ੍ਰਸਿੱਧੀ ਪਹਿਲਾਂ ਘੱਟ ਸੀ, ਪਰ ਐਡੀਲੇਡ ਦੇ ਨੌਰਥ ਵਿੱਚ ਸ਼ਹਿਰੀ ਨਵੀਨੀਕਰਨ ਅਤੇ ਵਿਕਾਸ ਪ੍ਰੋਜੈਕਟਾਂ ’ਤੇ ਧਿਆਨ ਭਵਿੱਖ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਨੂੰ ਅੱਗੇ ਵਧਾਏਗਾ, ਸਮੇਂ ਦੇ ਨਾਲ ਇੱਥੇ ਪ੍ਰਾਪਰਟੀ ਦੇ ਮੁੱਲ ਵਧਣਗੇ। Elizabeth North ਤੋਂ ਇਲਾਵਾ Davoren Park ’ਚ ਔਸਤ ਮੁੱਲ 300,000 ਡਾਲਰ, Smithfield Plains ’ਚ 320,000 ਡਾਲਰ, Munno Para ’ਚ ਔਸਤ ਮੁੱਲ 330,000 ਡਾਲਰ ਅਤੇ Salisbury North ’ਚ ਔਸਤ ਮੁੱਲ 379,000 ਡਾਲਰ ਹੈ।
ਪਰਥ ਦਾ ਸਭ ਤੋਂ ਸਸਤਾ ਸਬਅਰਬ Orelia ਹੈ ਜਿੱਥੇ ਪ੍ਰਾਪਰਟੀ ਔਸਤ 309,576 ਡਾਲਰ ’ਚ ਮਿਲ ਜਾਂਦੀ ਹੈ। ਪਰਥ ਦੇ ਸਾਊਥ ਦਿਸ਼ਾ ’ਚ ਸਥਿਤ ਸਬਅਰਬ ਸਭ ਤੋਂ ਸਸਤੇ ਹਨ। ਸਮੁੰਦਰ ਨੇੜੇ ਸਥਿਤ Orelia ਪਬਲਿਕ ਟਰਾਂਸਪੋਰਟ ਅਤੇ ਖਰੀਦਦਾਰੀ ਕੇਂਦਰਾਂ ਨੇੜੇ ਹੈ। ਹੋਰ ਸਸਤੇ ਸਬਅਰਬਾਂ ਦੀ ਗੱਲ ਕਰੀਏ ਤਾਂ Medina ’ਚ ਮਕਾਨਾਂ ਦਾ ਔਸਤ ਮੁੱਲ 319,893 ਡਾਲਰ, Parmelia ’ਚ 323,500 ਡਾਲਰ, Camillo ’ਚ 345,000 ਡਾਲਰ ਅਤੇ Brookdale ’ਚ 350,000 ਡਾਲਰ ਹੈ।
ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦਾ ਸਭ ਤੋਂ ਸਸਤਾ ਸਬਅਰਬ Belconnen ਹੈ ਜਿੱਥੇ ਪ੍ਰਾਪਰਟੀ ਦਾ ਔਸਤ ਮੁੱਲ 457,727 ਡਾਲਰ ਹੈ। ਹਾਲਾਂਕਿ ਕੈਨਬਰਾ ਦਾ ਪ੍ਰਾਪਰਟੀ ਬਾਜ਼ਾਰ ਹੋਰ ਕੈਪੀਟਲ ਸਿਟੀਜ਼ ਨਾਲੋਂ ਵਧੇਰੇ ਸਥਿਰ ਹੁੰਦਾ ਹੈ, ਪਰ ਅਜੇ ਵੀ ਬੇਲਕੋਨੇਨ ਵਿਚ ਸਸਤੀ ਪ੍ਰਾਪਰਟੀ ਖ਼ਰੀਦੀ ਜਾ ਸਕਦੀ ਹੈ। ਇਹ ਅਪਾਰਟਮੈਂਟਾਂ ਅਤੇ ਘਰਾਂ ਦੇ ਮਿਸ਼ਰਣ ਲਈ ਜਾਣਿਆ ਜਾਂਦਾ ਹੈ। ਇਹ ਇਲਾਵਾ ਸ਼ਾਨਦਾਰ ਸ਼ਾਪਿੰਗ, ਖਾਣੇ ਅਤੇ ਮਨੋਰੰਜਨ ਦੇ ਬਦਲਾਂ ਲਈ ਮਸ਼ਹੂਰ ਹੈ। Kambah ’ਚ ਮਕਾਨਾਂ ਦਾ ਔਸਤ ਮੁੱਲ 560,000 ਡਾਲਰ, Charnwood ’ਚ 570,000 ਡਾਲਰ, Ngunnawal ’ਚ 575,000 ਡਾਲਰ, Tuggeranong ’ਚ 580,000 ਡਾਲਰ ਹੈ।
ਹੋਬਾਰਟ ’ਚ ਤੁਸੀਂ ਬਜਟ-ਅਨੁਕੂਲ ਜੀਵਨ ਬਿਤਾ ਸਕਦੇ ਹੋ। ਇੱਥੇ ਸਭ ਤੋਂ ਸਸਤਾ ਸਬਅਰਬ Gagebrook ਹੈ ਜਿੱਥੇ ਮਕਾਨਾਂ ਦਾ ਔਸਤ ਮੁੱਲ 450,557 ਡਾਲਰ ਹੈ। ਪਰਿਵਾਰ-ਮੁਖੀ ਮਾਹੌਲ ਅਤੇ ਭਾਈਚਾਰੇ ਦੀ ਮਜ਼ਬੂਤ ਭਾਵਨਾ ਦੇ ਨਾਲ, ਇਹ ਉਨ੍ਹਾਂ ਲੋਕਾਂ ਲਈ ਆਦਰਸ਼ ਹੈ ਜੋ ਬਜਟ ’ਤੇ ਪ੍ਰਾਪਰਟੀ ਬਾਜ਼ਾਰ ਵਿੱਚ ਦਾਖਲ ਹੋਣਾ ਚਾਹੁੰਦੇ ਹਨ। 460,000 ਡਾਲਰ ਦੇ ਔਸਤ ਮੁੱਲ ਨਾਲ Bridgewater, 470,000 ਡਾਲਰ ਦੇ ਔਸਤ ਮੁੱਲ ਨਾਲ Risdon Vale, 480,000 ਡਾਲਰ ਨਾਲ Claremont ਅਤੇ 490,000 ਡਾਲਰ ਦੇ ਔਸਤ ਮੁੱਲ ਨਾਲ Glenorchy ਹੋਰ ਬਦਲ ਹਨ।
ਇਹ ਸਬਅਰਬ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਣਗੇ। ਵਿਆਜ ਰੇਟ ਵਿੱਚ ਕਮੀ ਦੀ ਉਮੀਦ ਅਨੁਸਾਰ ਕੀਮਤਾਂ ’ਚ ਸਥਿਰਤਾ ਦੇ ਨਾਲ, ਦਰਮਿਆਨੀ ਤੋਂ ਲੰਬੀ ਮਿਆਦ ਵਿੱਚ ਇਨ੍ਹਾਂ ਖੇਤਰਾਂ ਵਿੱਚ ਵਿਕਾਸ ਦੇ ਮੌਕੇ ਹੋ ਸਕਦੇ ਹਨ।