ਸਿਡਨੀ ਹਵਾਈ ਅੱਡੇ ’ਤੇ ਕੈਨੇਡੀਆਈ ਵਿਅਕਤੀ ਕੋਲੋਂ 11.6 ਕਿੱਲੋਗ੍ਰਾਮ ਕੋਕੀਨ ਜ਼ਬਤ

ਮੈਲਬਰਨ : ਸਿਡਨੀ ਹਵਾਈ ਅੱਡੇ ’ਤੇ ਇੱਕ ਕੈਨੇਡੀਆਈ ਨਾਗਰਿਕ ਕੋਲੋਂ 11 ਕਿੱਲੋ ਕੋਕੀਨ ਬਰਾਮਦ ਹੋਈ ਹੈ, ਜੋ ਉਸ ਨੇ ਆਪਣੇ ਲਗੇਜ ’ਚ ਲੁਕੋ ਕੇ ਰੱਖੀ ਹੋਈ ਸੀ। 38 ਸਾਲ ਦੇ ਕੈਨੇਡੀਆਈ ਵਿਅਕਤੀ ਨੂੰ ਵੀਰਵਾਰ ਨੂੰ ਅਮਰੀਕਾ ਤੋਂ ਆ ਰਹੀ ਉਡਾਣ ਤੋਂ ਸਿਡਨੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਬੈਗ ਜਾਂਚ ਲਈ ਰੋਕਿਆ ਗਿਆ ਸੀ।

ABF ਅਧਿਕਾਰੀਆਂ ਨੂੰ ਉਸ ਦੇ ਸਾਮਾਨ ਵਿਚੋਂ ਚਿੱਟੇ ਪਦਾਰਥ ਦੇ 10 ਵੈਕਿਊਮ-ਸੀਲਡ ਪੈਕੇਟ ਮਿਲੇ, ਸ਼ੁਰੂਆਤੀ ਜਾਂਚ ਤੋਂ ਬਾਅਦ ਇਸ ਦੇ ਕੋਕੀਨ ਹੋਣ ਦੀ ਪੁਸ਼ਟੀ ਹੋਈ। ਪੈਕੇਜਾਂ ਦਾ ਭਾਰ ਕੁੱਲ 11.6 ਕਿਲੋਗ੍ਰਾਮ ਸੀ। AFP ਦੇ ਕਾਰਜਕਾਰੀ ਸੁਪਰਡੈਂਟ ਡੋਮ ਸਟੀਫਨਸਨ ਨੇ ਦੋਸ਼ ਲਾਇਆ ਕਿ ਇਹ ਆਸਟ੍ਰੇਲੀਆ ਵਿੱਚ ਸ਼ਰੇਆਮ ਕੋਕੀਨ ਤਸਕਰੀ ਦੀ ਕੀਤੀ ਗਈ ਕੋਸ਼ਿਸ਼ ਸੀ। ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਅਤੇ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਹ 12 ਫਰਵਰੀ ਨੂੰ ਡਾਊਨਿੰਗ ਸੈਂਟਰ ਸਥਾਨਕ ਅਦਾਲਤ ਵਿੱਚ ਦੁਬਾਰਾ ਪੇਸ਼ ਹੋਵੇਗਾ।