ਵਿਕਟੋਰੀਆ ’ਚ ਆਉਣ ਵਾਲੇ ਦਿਨਾਂ ਦੌਰਾਨ ਪਵੇਗੀ ਸਖ਼ਤ ਗਰਮੀ, ਪਾਰਾ ਚਾਰ ਸਾਲ ’ਚ ਪਹਿਲੀ ਵਾਰੀ 45 ਡਿਗਰੀ ਤਕ ਪਹੁੰਚਣ ਦੀ ਭਵਿੱਖਬਾਣੀ

ਮੈਲਬਰਨ : ਵਿਕਟੋਰੀਆ ’ਚ ਇਸ ਹਫਤੇ ਅਤੇ ਅਗਲੇ ਹਫਤੇ ਦੀ ਸ਼ੁਰੂਆਤ ’ਚ ਗਰਮੀ ਵਧੇਗੀ ਅਤੇ ਚਾਰ ਸਾਲਾਂ ’ਚ ਪਹਿਲੀ ਵਾਰ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਹਫਤੇ ਦੇ ਅੰਤ ਤੋਂ ਸਾਊਥ-ਈਸਟ ਆਸਟ੍ਰੇਲੀਆ ’ਤੇ ਗਰਮ ਮਹਾਂਦੀਪੀ ਹਵਾ ਵਗੇਗੀ। ਇਹ ਹਵਾ ਦਾ ਪੁੰਜ ਮੈਲਬਰਨ ਸਮੇਤ ਵਿਕਟੋਰੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਾਲ ਦਾ ਸਭ ਤੋਂ ਵੱਧ ਤਾਪਮਾਨ ਲਿਆਏਗਾ।

ਮੌਸਮ ਵਿਭਾਗ ਵਲੋਂ ਜਾਰੀ ਮੌਜੂਦਾ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਮੈਲਬਰਨ ਵਿੱਚ ਤਾਪਮਾਨ ਸੋਮਵਾਰ ਨੂੰ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਇਹ 2024 ਦਾ ਮੈਲਬਰਨ ਦਾ ਪਹਿਲਾ 40 ਡਿਗਰੀ ਸੈਲਸੀਅਸ ਵਾਲਾ ਦਿਨ ਹੋਵੇਗਾ।

ਉੱਤਰੀ ਵਿਕਟੋਰੀਆ ਵਿਚ ਗਰਮੀ ਹੋਰ ਵੀ ਤੇਜ਼ ਹੋਵੇਗੀ, ਕੰਪਿਊਟਰ ਮਾਡਲਾਂ ਨੇ ਸੋਮਵਾਰ ਨੂੰ Mallee ਵਿਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਹੈ। ਵਿਕਟੋਰੀਆ ’ਚ 2020 ਤੋਂ ਬਾਅਦ ਕਦੇ 45 ਡਿਗਰੀ ਸੈਲਸੀਅਸ ਤੱਕ ਨਹੀਂ ਪਹੁੰਚ ਸਕਿਆ ਹੈ।