ਕ੍ਰਿਸਮਸ ਤੋਂ ਪਹਿਲਾਂ ਵਿਆਜ ਰੇਟ ਘਟਾਉਣ ਦੀ ਦੌੜ ਹੋਰ ਤੇਜ਼ ਹੋਈ, ਹੁਣ ਇਸ ਬੈਂਕ ਨੇ ਕੀਤੀ ਕਟੌਤੀ

ਮੈਲਬਰਨ : ਪਹਿਲਾਂ ਤੋਂ ਹੀ ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿੱਚੋਂ ਸਭ ਤੋਂ ਘੱਟ ਪ੍ਰਚਾਰਤ ਵਿਆਜ ਰੇਟ ਰੱਖਣ ਵਾਲੇ ANZ ਨੇ ਆਪਣੀ ਵੇਰੀਏਬਲ ਵਿਆਜ ਰੇਟ ’ਚ ਹੋਰ ਕਮੀ ਕਰਨ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ (RBA) ਵੱਲੋਂ ਵਿਆਜ ਰੇਟ ’ਚ ਕਟੌਤੀ ਕਈ ਮਹੀਨੇ ਦੂਰ ਹੋਣ ਦੇ ਸੰਕੇਤਾਂ ਦੇ ਬਾਵਜੂਦ ਬੈਂਕ ਨੇ ਨਵੇਂ ਗਾਹਕਾਂ ਲਈ ਆਪਣੇ Simplicity Plus ਅਤੇ ANZ Plus ਕਰਜ਼ਿਆਂ ’ਤੇ ਵਿਆਜ ਰੇਟ ਕ੍ਰਮਵਾਰ 6.39 ਪ੍ਰਤੀਸ਼ਤ ਅਤੇ 6.09 ਪ੍ਰਤੀਸ਼ਤ ਕਰ ਦਿੱਤਾ ਹੈ। ਇਹ ਕਦਮ NAB ਵੱਲੋਂ ਨਵੇਂ ਗਾਹਕਾਂ ਲਈ ਵਿਆਜ ਰੇਟ ਵਿੱਚ 0.40 ਪ੍ਰਤੀਸ਼ਤ ਦੀ ਕਟੌਤੀ ਕਰਨ ਦੇ ਇੱਕ ਹਫ਼ਤੇ ਬਾਅਦ ਆਇਆ ਹੈ।

ਇਹ ਕਦਮ ਕ੍ਰਿਸਮਸ ਤੋਂ ਪਹਿਲਾਂ ਵਿਆਜ ਰੇਟ ਵਿੱਚ ਕਟੌਤੀ ਦੀ ਦੌੜ ਦਾ ਹਿੱਸਾ ਹੈ, ਕੈਨਸਟਾਰ ਵੱਲੋਂ ਕੀਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ 12 ਕਰਜ਼ਦਾਤਾਵਾਂ ਨੇ ਘੱਟੋ-ਘੱਟ ਇੱਕ ਵੇਰੀਏਬਲ ਰੇਟ ਵਿੱਚ ਕਟੌਤੀ ਕੀਤੀ ਹੈ, ਜਦੋਂ ਕਿ ਸਿਰਫ ਪੰਜ ਨੇ ਦਰਾਂ ਵਿੱਚ ਵਾਧਾ ਕੀਤਾ ਹੈ।