ਮੈਲਬਰਨ ਸਥਿਤ ਘਰ ’ਚ ਅੱਗ ਲੱਗਣ ਨਾਲ ਨੌਜੁਆਨ ਦੀ ਮੌਤ

ਮੈਲਬਰਨ : ਮੈਲਬਰਨ ਦੇ ਨੌਰਥਵੈਸਟ ’ਚ ਐਤਵਾਰ ਤੜਕੇ ਇਕ ਘਰ ਦੇ ਮਲਬੇ ’ਚੋਂ ਇਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਮਰਜੈਂਸੀ ਸੇਵਾਵਾਂ ਨੂੰ ਤੜਕੇ ਕਰੀਬ 2:40 ਵਜੇ St Albans ਦੀ ਪਾਵਰ ਸਟ੍ਰੀਟ ’ਤੇ ਬੁਲਾਇਆ ਗਿਆ ਜਦੋਂ ਇਕ ਗੁਆਂਢੀ ਤਕ ਅੱਗ ਦਾ ਸੇਕ ਅਤੇ ਧੂੰਏਂ ਦੀ ਬੋ ਪੁੱਜੀ। ਮ੍ਰਿਤਕ ਦੀ ਉਮਰ 30 ਕੁ ਸਾਲ ਦੀ ਦੱਸੀ ਜਾ ਰਹੀ ਹੈ। ਪਰ ਅਜੇ ਤਕ ਉਸ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ। ਇਲਾਕੇ ’ਚ ਭਾਰਤੀ ਮੂਲ ਦੇ ਲੋਕਾਂ ਦੀ ਬਹੁਗਿਣਤੀ ਹੈ। ਅੱਗ ’ਤੇ ਕਾਬੂ ਪਾਉਣ ਵਿਚ 50 ਮਿੰਟ ਲੱਗ ਗਏ ਅਤੇ ਗੁਆਂਢੀ ਘਰਾਂ ਨੂੰ ਅੱਗ ਲੱਗਣ ਨਾਲ ਮਾਮੂਲੀ ਨੁਕਸਾਨ ਹੋਇਆ।

ਮ੍ਰਿਤਕ ਦੇ ਗੁਆਂਢੀ ਕੇਤਨ ਅਰੋੜਾ ਨੇ ਦੱਸਿਆ ਕਿ ਅਰੋੜਾ ਨੇ ਕਿਹਾ ਕਿ ਘਰ ’ਚ ਚਾਰ ਲੋਕ ਰਹਿੰਦੇ ਸਨ ਪਰ ਉਨ੍ਹਾਂ ਵਿੱਚੋਂ ਤਿੰਨ ਉਸ ਸ਼ਾਮ ਨੂੰ ਇੱਕ ਪਾਰਟੀ ਲਈ ਬਾਹਰ ਗਏ ਸਨ। ਅਰੋੜਾ ਰਾਤ ਦੀ ਸ਼ਿਫਟ ’ਤੇ ਸੀ ਕਿ ਜਦੋਂ ਉਸ ਨੂੰ ਉਸ ਦੀ ਭੈਣ ਦਾ ਫੋਨ ਆਇਆ ਕਿ ਉਹ ਅੱਗ ਕਾਰਨ ਜਾਗ ਗਈ ਹੈ। ਉਸ ਦੀ ਭੈਣ ਨੇ ਤੁਰੰਤ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਬੁਲਾਇਆ ਸੀ ਪਰ ਘਰ ਵਿੱਚ ਰਹਿਣ ਵਾਲੇ ਨੂੰ ਬਚਾਉਣ ਲਈ ‘ਬਹੁਤ ਦੇਰ ਹੋ ਚੁੱਕੀ ਸੀ’। ਅਰੋੜਾ ਨੇ ਕਿਹਾ, ‘‘ਕਾਸ਼ ਉਹ ਇਸ ਸਮੇਂ ਜ਼ਿੰਦਾ ਹੁੰਦਾ, ਉਹ ਬਹੁਤ ਦੋਸਤਾਨਾ ਮੁੰਡਾ ਸੀ… ਉਹ ਬਹੁਤ ਖੁਸ਼ ਵਿਅਕਤੀ ਸਨ, ਬਹੁਤ ਖੁਸ਼ ਵਿਅਕਤੀ ਸਨ।’’