NSW ਸੈਂਟਰਲ ਕੋਸਟ ’ਤੇ ਪਿਤਾ ਦੇ ਸਾਹਮਣੇ ਸਮੁੰਦਰ ’ਚ ਵਹਿ ਗਿਆ 11 ਸਾਲ ਦਾ ਮੁੰਡਾ, ਤਲਾਸ਼ ਜਾਰੀ

ਮੈਲਬਰਨ : ਸਿਡਨੀ ਤੋਂ 110 ਕਿਲੋਮੀਟਰ ਨੌਰਥ ’ਚ ਸਥਿਤ The Entrance ’ਤੇ ਇਕ ਭਿਆਨਕ ਘਟਨਾ ਵਾਪਰੀ, ਜਿੱਥੇ ਇਕ 11 ਸਾਲ ਦਾ  Laith Alaid ਆਪਣੇ ਪਿਤਾ ਨਾਲ The Entrance Channel ਨੂੰ ਤੈਰ ਕੇ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਤੇਜ਼ ਵਹਾਅ ’ਚ ਵਹਿ ਗਿਆ। ਘਟਨਾ ਐਤਵਾਰ ਸ਼ਾਮ 5:15 ਵਜੇ ਵਾਪਰੀ। ਸਿਡਨੀ ਤੋਂ ਆਇਆ ਇਹ ਪਰਿਵਾਰ ਇਕੱਠੇ ਮੱਛੀਆਂ ਫੜ ਰਿਹਾ ਸੀ ਜਦੋਂ Laith Alaid ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ, ਅਤੇ ਉਸ ਦੇ ਪਿਤਾ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਉਸ ਤੱਕ ਨਾ ਪਹੁੰਚ ਸਕਿਆ। ਤਿੰਨ ਹੋਰ ਬੱਚਿਆਂ ਨੂੰ ਉਥੇ ਮੌਜੂਦ ਦੋ ਲੋਕਾਂ ਨੇ ਬਚਾਇਆ, ਪਰ 11 ਸਾਲ ਦਾ ਬੱਚਾ ਅਜੇ ਵੀ ਲਾਪਤਾ ਹੈ, ਜਿਸ ਦੀ ਵਿਆਪਕ ਤਲਾਸ਼ੀ ਮੁਹਿੰਮ ਚਲ ਰਹੀ ਹੈ।

ਸਰਫ ਲਾਈਫ ਸੇਵਿੰਗ, ਟੋਲ ਅਤੇ ਵੈਸਟਪੈਕ ਬਚਾਅ ਹੈਲੀਕਾਪਟਰਾਂ ਅਤੇ ਮਰੀਨ ਏਰੀਆ ਕਮਾਂਡ ਦੀ ਸਹਾਇਤਾ ਨਾਲ ਪੁਲਿਸ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਸੋਮਵਾਰ ਨੂੰ ਵੀ ਜਾਰੀ ਰਹੇਗੀ। ਇੰਸਪੈਕਟਰ ਡੇਵਿਡ ਪਿਡਿੰਗਟਨ ਨੇ ਦੱਸਿਆ ਕਿ ਪਰਿਵਾਰ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਅਤੇ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਉੱਤਰ ਤੋਂ ਦੱਖਣੀ ਸਮੁੰਦਰੀ ਕੰਢੇ ਤੱਕ ਸ਼ਾਰਟਕੱਟ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਚਸ਼ਮਦੀਦ ਨੇ ਇਸ ਦ੍ਰਿਸ਼ ਨੂੰ ‘ਦਿਲ ਦਹਿਲਾ ਦੇਣ ਵਾਲਾ’ ਦੱਸਿਆ, ਅਤੇ ਕਿਹਾ ਕਿ The Entrance Channel ਦੇ ਖਤਰਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਹੋਰ ਸੰਕੇਤਾਂ ਨੂੰ ਲਿਖੇ ਜਾਣ ਦੀ ਲੋੜ ਹੈ।