ਸਾਊਥ ਆਸਟ੍ਰੇਲੀਆ ’ਚ ਈਮੂ ਕਾਰਨ ਵਾਪਰਿਆ ਭਿਆਨਕ ਹਾਦਸਾ, 5 ਸਾਲ ਦੇ ਬੱਚੇ ਅਤੇ ਉਸ ਦੀ 15 ਸਾਲਾਂ ਦੀ ਭੈਣ ਦੀ ਮੌਤ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਈਮੂ ਕਾਰਨ ਕਈ ਕਾਰਾਂ ਆਪਸ ’ਚ ਟਕਰਾ ਗਈਆਂ ਜਿਸ ਕਾਰਨ ਪੰਜ ਸਾਲ ਦੇੇ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਇਕ 15 ਸਾਲਾਂ ਦੀ ਕੁੜੀ ਗੰਭੀਰ ਜ਼ਖ਼ਮੀ ਹੋ ਗਈ ਹੈ। ਵਿਕਟੋਰੀਆ ਸਰਹੱਦ ਨੇੜੇ Nangwarry ਕਸਬੇ ਨੇੜੇ Riddoch ਹਾਈਵੇਅ ’ਤੇ ਕੱਲ੍ਹ ਦੁਪਹਿਰ ਕਰੀਬ 2:40 ਵਜੇ ਤਿੰਨ ਕਾਰਾਂ ਦੀ ਟੱਕਰ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਇਕ ਕਾਲੇ ਰੰਗ ਦੀ Holden sedan ਇਕ ਈਮੂ ਨਾਲ ਟਕਰਾ ਗਈ, ਜਿਸ ਕਾਰਨ ਸਲੇਟੀ ਰੰਗ ਦੀ Toyota ਅਚਾਨਕ ਬ੍ਰੇਕ ਲੱਗ ਗਈ ਅਤੇ ਪਿੱਛੇ ਆ ਰਹੀ ਇਕ ਚਿੱਟੀ Nissan ਕਾਰ ਇਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। Toyota ’ਚ ਸਵਾਰ ਪੰਜ ਸਾਲ ਦੇ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 15 ਸਾਲ ਦੀ ਕੁੜੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਬਾਅਦ ’ਚ ਇਲਾਜ ਦੌਰਾਨ ਕੁੜੀ ਦੀ ਵੀ ਮੌਤ ਹੋ ਗਈ।

Toyota ਦੇ ਡਰਾਈਵਰ (42) ਅਤੇ ਕਾਰ ’ਚ ਸਵਾਰ 46, 13 ਅਤੇ 6 ਸਾਲ ਦੇ ਤਿੰਨ ਹੋਰ ਮੁਸਾਫ਼ਰਾਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਜਿਸ ਔਰਤ ਦੀ ਕਾਰ ਈਮੂ ਨਾਲ ਟਕਰਾ ਗਈ, ਉਹ ਵੀ ਜ਼ਖਮੀ ਨਹੀਂ ਹੋਈ। 5 ਸਾਲ ਦੇ ਮੁੰਡੇ ਦੀ ਮੌਤ ਇਸ ਸਾਲ ਸਾਊਥ ਆਸਟ੍ਰੇਲੀਆ ਦੀਆਂ ਸੜਕਾਂ ’ਤੇ 71ਵੀਂ ਅਤੇ 72ਵੀਂ ਮੌਤ ਹੈ। ਮ੍ਰਿਤਕਾਂ ਦੀ ਪਛਾਣ Chris Eykelenburg ਅਤੇ Paula Eykelenburg ਦੇ ਬੱਚਿਆਂ ਵਜੋਂ ਹੋਈ ਹੈ। Nissan ਕਾਰ ਦੇ ਡਰਾਈਵਰ ਨੂੰ ਅਣਗਹਿਲੀ ਨਾਲ ਕਾਰ ਚਲਾਉਣ ਦੇ ਜੁਰਮ ’ਚ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।