ਮੈਲਬਰਨ : ਪ੍ਰਾਪਰਟੀ ਮਾਰਕੀਟ ਲਈ ਵਿਕਟੋਰੀਆ ਸਰਕਾਰ ਨੇ ਦਾ ਵੱਡਾ ਐਲਾਨ ਕੀਤਾ ਹੈ। ਵਿਕਟੋਰੀਆ ਸਰਕਾਰ ਮੈਲਬਰਨ ਦੇ ਕਿਨਾਰਿਆਂ ’ਤੇ ਸਥਿਤ ਜ਼ਮੀਨ ਨੂੰ ਮਕਾਨਾਂ ਦੀ ਉਸਾਰੀ ਲਈ ਖੋਲ੍ਹਣ ਜਾ ਰਹੀ ਹੈ ਜਿਸ ਨਾਲ ਮੈਲਬਰਨ ਦੇ ਵਧ ਰਹੇ ਬਾਹਰੀ ਸਬਅਰਬ ਵਿੱਚ ਹਜ਼ਾਰਾਂ ਨਵੇਂ ਘਰ ਬਣਾਉਣ ਦਾ ਰਾਹ ਪੱਧਰਾ ਹੋਵੇਗਾ। ਹਾਲਾਂਕਿ ਇਹ ਨਹੀਂ ਦਸਿਆ ਗਿਆ ਹੈ ਕਿ ਕਿੰਨੀ ਜ਼ਮੀਨ ਜਾਰੀ ਕੀਤੀ ਜਾਵੇਗੀ, ਪਰ ਇਹ ਪਹਿਲ ਮੈਲਬਰਨ ਦੇ ਬਾਹਰੀ ਉੱਤਰ-ਪੱਛਮ ਅਤੇ ਦੱਖਣ-ਪੂਰਬ ’ਤੇ ਕੇਂਦਰਤ ਰਹੇਗੀ। ਆਉਣ ਵਾਲੇ ਸਾਲਾਂ ਵਿੱਚ 27 ਨਵੇਂ ਗ੍ਰੀਨਫੀਲਡ ਖੇਤਰਾਂ ਲਈ ਸਮਾਂ ਸੀਮਾ ਦੀ ਗਰੰਟੀ ਦਿੱਤੀ ਗਈ ਹੈ। ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ ਇਹ ਪਰਿਵਾਰਾਂ ਲਈ ਮੌਕੇ ਅਤੇ ਬਿਲਡਿੰਗ ਸੈਕਟਰ ਲਈ ਵਿਸ਼ਵਾਸ ਪ੍ਰਦਾਨ ਕਰੇਗਾ।
ਇਸ ਯੋਜਨਾ ’ਚ 50 ਇਲਾਕਿਆਂ ’ਚ ਹਜ਼ਾਰਾਂ ਨਵੇਂ ਘਰਾਂ ਦੀ ਉਸਾਰੀ ’ਚ ਤੇਜ਼ੀ ਲਿਆਉਣਾ ਅਤੇ ਅਗਲੇ 12 ਮਹੀਨਿਆਂ ’ਚ ਆਫ-ਦਿ-ਪਲਾਨ ਅਪਾਰਟਮੈਂਟ ਖਰੀਦਣ ’ਤੇ ਸਟੈਂਪ ਡਿਊਟੀ ’ਚ ਕਟੌਤੀ ਕਰਨਾ ਵੀ ਸ਼ਾਮਲ ਹੈ। ਹਾਲਾਂਕਿ, ਵਿਰੋਧੀ ਧਿਰ ਦੇ ਹਾਊਸਿੰਗ ਅਫੋਰਡੇਬਿਲਟੀ ਦੇ ਬੁਲਾਰੇ ਇਵਾਨ ਮੁਲਹੋਲੈਂਡ ਨੇ ਇਸ ਤਬਦੀਲੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਮਕਾਨਾਂ ਦੀਆਂ ਕੀਮਤਾਂ ਵਿਕਟੋਰੀਅਨਾਂ ਦੀ ਪਹੁੰਚ ਤੋਂ ਹੋਰ ਦੂਰ ਹੋ ਜਾਣਗੀਆਂ। ਆਸਟ੍ਰੇਲੀਆ ਦੇ ਸ਼ਹਿਰੀ ਵਿਕਾਸ ਸੰਸਥਾਨ ਨੇ ਉਪਨਗਰੀ ਖੇਤਰਾਂ ਅਤੇ ਖੇਤਰੀ ਵਿਕਟੋਰੀਆ ਵਿੱਚ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਲਈ ਸਾਲਾਨਾ ਘੱਟੋ-ਘੱਟ 18,000 ਲਾਟਾਂ ਜਾਰੀ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।