ਐਡੀਲੇਡ ’ਚ ਸਵੇਰੇ-ਸਵੇਰੇ ਮੁਸਾਫ਼ਰਾਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼, ਚਾਰ ਪੁਲਿਸ ਵਾਲੇ ਜ਼ਖ਼ਮੀ

ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਐਡੀਲੇਡ ’ਚ ਇਕ 28 ਸਾਲ ਦੇ ਵਿਅਕਤੀ ਨੂੰ 40 ਮੁਸਾਫ਼ਰ ਲੈ ਕੇ ਜਾ ਰਹੀ ਇਕ ਚਾਰਟਰਡ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਫਰੈਂਕਲਿਨ ਸਟ੍ਰੀਟ ’ਤੇ ਸਵੇਰੇ 5:54 ਵਜੇ ਵਾਪਰੀ ਜਦੋਂ ਕਥਿਤ ਤੌਰ ’ਤੇ ਨਸ਼ੇ ਵਿੱਚ ਧੁੱਤ ਵਿਅਕਤੀ ਨੇ ਬੱਸ ਨੂੰ ਉਸ ਦੀ ਨਿਰਧਾਰਤ ਮੰਜ਼ਿਲ Flinders Ranges ਦੀ ਬਜਾਏ Geelong ਲਿਜਾਣ ਦੀ ਮੰਗ ਕੀਤੀ। ਜਦੋਂ ਬੱਸ ਡਰਾਈਵਰ ਨੇ ਇਨਕਾਰ ਕਰ ਦਿੱਤਾ ਤਾਂ ਵਿਅਕਤੀ ਕਥਿਤ ਤੌਰ ’ਤੇ ਡਰਾਈਵਰ ਦੀ ਸੀਟ ’ਤੇ ਬੈਠ ਗਿਆ ਅਤੇ ਬੱਸ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਬੱਸ ’ਚ 40 ਦੇ ਲਗਭਗ ਲੋਕ ਬੈਠੇ ਸਨ।

ਪਰ ਉਹ ਬੱਸ ਚਾਲੂ ਨਾ ਕਰ ਸਕਿਆ ਅਤੇ ਏਨੇ ਨੂੰ ਡਰਾਈਵਰ ਨੇ ਪੁਲਿਸ ਨੂੰ ਸੱਦ ਲਿਆ। ਪੁਲਿਸ ਨੂੰ ਵੇਖ ਕੇ ਉਹ ਵਿਅਕਤੀ ਹਮਲਾਵਰ ਹੋ ਗਿਆ, ਉਸ ਨੇ ਦੋ ਅਧਿਕਾਰੀਆਂ ਦੇ ਸਿਰ ’ਤੇ ਵਾਰ-ਵਾਰ ਮੁੱਕੇ ਮਾਰੇ ਅਤੇ ਦੂਜੇ ਦੇ ਚਿਹਰੇ ’ਤੇ ਲਾਤ ਮਾਰੀ। ਪੁਲਿਸ ਦੇ ਕੁੱਤੇ ’ਤੇ ਵੀ ਹਮਲਾ ਕੀਤਾ ਗਿਆ ਅਤੇ ਉਸ ਦੇ ਹੈਂਡਲਰ ਨੂੰ ਮੁੱਕਾ ਮਾਰਿਆ ਗਿਆ। ਮਿਰਚਾਂ ਵਾਲੀ ਸਪਰੇਅ ਅਤੇ ਟੇਜ਼ਰ ਦੀ ਵਰਤੋਂ ਕਰਨ ਦੇ ਬਾਵਜੂਦ ਅਧਿਕਾਰੀਆਂ ਨੇ ਵਿਅਕਤੀ ਨੂੰ ਬੱਸ ਤੋਂ ਬਾਹਰ ਕੱਢਣ ਲਈ ਕਾਫ਼ੀ ਸੰਘਰਸ਼ ਕੀਤਾ।

ਇਸ ਵਿਅਕਤੀ ’ਤੇ ਐਮਰਜੈਂਸੀ ਕਰਮਚਾਰੀਆਂ ’ਤੇ ਹਮਲਾ ਕਰਨ, ਗੈਰ-ਕਾਨੂੰਨੀ ਵਰਤੋਂ ਦੀ ਕੋਸ਼ਿਸ਼ ਕਰਨ ਅਤੇ ਗ੍ਰਿਫਤਾਰੀ ਦਾ ਵਿਰੋਧ ਕਰਨ ਸਮੇਤ ਦੋਸ਼ ਹਨ। ਦੋ ਅਧਿਕਾਰੀਆਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।