ਫ਼ਲਾਈਟ ਦੌਰਾਨ ਅਸ਼ਲੀਲ ਫ਼ਿਲਮ ਚੱਲਣ ਮਗਰੋਂ Qantas ਹੋਈ ਸ਼ਰਮਸਾਰ

ਮੈਲਬਰਨ : ਸਿਡਨੀ ਤੋਂ ਟੋਕੀਓ ਜਾ ਰਹੀ Qantas ਦੀ ਉਡਾਣ ਦੌਰਾਨ ਮਨੋਰੰਜਨ ਪ੍ਰਣਾਲੀ ਵਿੱਚ ‘ਤਕਨੀਕੀ ਸਮੱਸਿਆ’ ਕਾਰਨ ਅਣਜਾਣੇ ਵਿੱਚ ਹਰ ਸਕ੍ਰੀਨ ’ਤੇ ਅਸ਼ਲੀਲ ਫਿਲਮ ‘Daddio’ ਚਲਦੀ ਰਹੀ। ਜਹਾਜ਼ ’ਚ ਬੈਠੇ ਮੁਸਾਫ਼ਰ ਫਿਲਮ ’ਚ ਨਗਨਤਾ ਦੇ ਦ੍ਰਿਸ਼ਾਂ ਅਤੇ ਸਪੱਸ਼ਟ ਜਿਨਸੀ ਸਮੱਗਰੀ ਤੋਂ ਹੈਰਾਨ ਅਤੇ ਬੇਚੈਨ ਸਨ, ਖ਼ਾਸਕਰ ਬੱਚਿਆਂ ਵਾਲੇ ਪਰਿਵਾਰ। ਹਾਲਤ ਇਹ ਸੀ ਕਿ ਮੁਸਾਫ਼ਰ ਇਸ ਸਕ੍ਰੀਨ ਨੂੰ ਬੰਦ ਵੀ ਨਹੀਂ ਕਰ ਸਕਦੇ ਸਨ। ਇਹ ਫ਼ਿਲਮ ਲਗਭਗ ਇੱਕ ਘੰਟੇ ਤੱਕ ਚਲਦੀ ਰਹੀ, ਜਿਸ ਤੋਂ ਬਾਅਦ ‘ਤਕਨੀਕੀ ਸਮੱਸਿਆ’ ਨੂੰ ਦੂਰ ਕਰ ਕੇ ਬੱਚਿਆਂ ਦੀ ਫਿਲਮ ਚਲਾਈ ਗਈ।

Qantas ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ, ਅਤੇ ਕਿਹਾ ਹੈ ਕਿ ਤਕਨੀਕੀ ਮੁੱਦਿਆਂ ਕਾਰਨ ਹਰ ਸੀਟ ’ਤੇ ਵੱਖੋ-ਵੱਖ ਫਿਲਮ ਨਹੀਂ ਵਿਖਾਈ ਜਾ ਸਕੀ। ਏਅਰਲਾਈਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਫਿਲਮ ਅਣਉਚਿਤ ਹੈ, ਤਾਂ ਉਨ੍ਹਾਂ ਨੇ ਸਕ੍ਰੀਨਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਪਰ ਬੜੇ ਯਤਨਾਂ ਤੋਂ ਬਾਅਦ ਅਖੀਰ ਇਸ ਨੂੰ ਪਰਿਵਾਰ ’ਚ ਬੈਠ ਕੇ ਵੇਖਣਯੋਗ ਫਿਲਮ ਵਿੱਚ ਬਦਲ ਦਿੱਤਾ ਗਿਆ। ਹੁਣ Qantas ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਫਿਲਮ ਦੀ ਚੋਣ ਪ੍ਰਕਿਰਿਆ ਦੀ ਸਮੀਖਿਆ ਕਰ ਰਿਹਾ ਹੈ। ਇਕ ਯਾਤਰੀ ਨੇ Reddit ’ਤੇ ਆਪਣਾ ਤਜਰਬਾ ਸਾਂਝਾ ਕੀਤਾ, ਗੁੱਸਾ ਜ਼ਾਹਰ ਕੀਤਾ ਅਤੇ ਸਵਾਲ ਕੀਤਾ ਕਿ ਇਕ ਵੱਡੀ ਏਅਰਲਾਈਨ ਅਜਿਹੀ ਗਲਤੀ ਕਿਵੇਂ ਕਰ ਸਕਦੀ ਹੈ।