ਹੰਟਰ ਵੈਲੀ ’ਚ ਔਰਤ ਦਾ ਕਤਲ ਕਰਨ ਦੇ ਦੋਸ਼ ’ਚ ਪਤੀ ਗ੍ਰਿਫ਼ਤਾਰ

ਮੈਲਬਰਨ : NSW ਦੀ ਹੰਟਰ ਵੈਲੀ ਵਾਸੀ ਇੱਕ ਔਰਤ ਦੇ ਗੰਭੀਰ ਰੂਪ ’ਚ ਜਖ਼ਮੀ ਪਾਏ ਜਾਣ ਤੋਂ ਬਾਅਦ ਉਸ ਦੇ ਪਤੀ ’ਤੇ ਕਤਲ ਦਾ ਦੋਸ਼ ਲੱਗਾ ਹੈ। ਐਮਰਜੈਂਸੀ ਸੇਵਾਵਾਂ ਨੂੰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ Newcastle ਤੋਂ ਪੱਛਮ ਵਿਚ ਲਗਭਗ ਇਕ ਘੰਟੇ ਦੀ ਦੂਰੀ ’ਤੇ Pokolbin ਵਿਚ ਇਕ ਪ੍ਰਾਪਰਟੀ ’ਤੇ ਬੁਲਾਇਆ ਗਿਆ। ਕਾਰਜਕਾਰੀ ਸੁਪਰਡੈਂਟ ਸਟੀਵ ਬੇਨਸਨ ਨੇ ਕਿਹਾ ਕਿ 46 ਸਾਲ ਦੀ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਪਾਈ ਗਈ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੀਆਂ ਸ਼ੁਰੂਆਤੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਉਸ ਦੇ 47 ਸਾਲ ਦੇ ਪਤੀ ਨੂੰ ਪ੍ਰਾਪਰਟੀ ਤੋਂ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਗਿਆ। ਬੇਨਸਨ ਨੇ ਕਿਹਾ ਕਿ ਪ੍ਰਾਪਰਟੀ ’ਤੇ ਮੌਜੂਦ ਪਰਿਵਾਰ ਦੇ ਇਕ ਮੈਂਬਰ ਨੇ ਪੁਲਿਸ ਨੂੰ ਬੁਲਾਇਆ ਸੀ, ਜੋ ਥੋੜ੍ਹੀ ਦੇਰ ਬਾਅਦ ਮੌਕੇ ’ਤੇ ਪਹੁੰਚੀ। ਘਟਨਾ ਵਾਲੀ ਥਾਂ ’ਤੇ ਜਾਂਚ ਲਈ ਇੱਕ ਸਟ੍ਰਾਈਕਫੋਰਸ ਦਾ ਗਠਨ ਕੀਤਾ ਗਿਆ ਹੈ। ਗ੍ਰਿਫ਼ਤਾਰ ਵਿਅਕਤੀ ਨੂੰ Newcastle ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।