ਕਿਹੜੀ ਹੈ ਆਸਟ੍ਰੇਲੀਆ ਦੀ ਸਭ ਤੋਂ ਸਸਤੀ ਸੁਪਰਮਾਰਕੀਟ? Choice ਦੀ ਰਿਪੋਰਟ ’ਚ ਹੋਇਆ ਖ਼ੁਲਾਸਾ

ਮੈਲਬਰਨ : ਸਰਕਾਰ ਵੱਲੋਂ ਫੰਡ ਪ੍ਰਾਪਤ ਖਪਤਕਾਰ ਐਡਵੋਕੇਟ ਗਰੁੱਪ Choice ਦੀ ਇੱਕ ਰਿਪੋਰਟ ਮੁਤਾਬਕ Aldi ਨੂੰ ਆਸਟ੍ਰੇਲੀਆ ਵਿੱਚ ਸਭ ਤੋਂ ਸਸਤਾ ਸੁਪਰਮਾਰਕੀਟ ਵਿਕਲਪ ਪਾਇਆ ਗਿਆ ਹੈ, ਜਿਸ ਵਿੱਚ ਜੂਨ ਦੌਰਾਨ 14 ਆਮ ਚੀਜ਼ਾਂ ਦੀ ਟੋਕਰੀ ਦੀ ਕੀਮਤ 50.79 ਡਾਲਰ ਸੀ।

ਇਸ ਦੇ ਉਲਟ, ਪ੍ਰਮੁੱਖ ਸੁਪਰਮਾਰਕੀਟਾਂ Woolworths (68.37 ਡਾਲਰ) ਅਤੇ Coles (66.22 ਡਾਲਰ) ਵਿੱਚ ਇਨ੍ਹਾਂ ਚੀਜ਼ਾਂ ਦੀ ਕੀਮਤ ਲਗਭਗ 30٪ ਵੱਧ ਸੀ, ਜਦੋਂ ਕਿ IGA 78.95 ਡਾਲਰ ਨਾਲ ਸਭ ਤੋਂ ਮਹਿੰਗਾ ਸਪੁਰਮਾਰਕੀਟ ਰਿਹਾ।

ਇਹ ਰਿਪੋਰਟ ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਵੱਲੋਂ Coles ਅਤੇ Woolworths ਨੂੰ ਅਦਾਲਤ ਵਿੱਚ ਲਿਜਾਣ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ 240 ਤੋਂ ਵੱਧ ਉਤਪਾਦਾਂ ’ਤੇ ‘ਭਰਮਾਊ’ ਡਿਸਕਾਊਂਟ ਦੇ ਕੇ ਗਾਹਕਾਂ ਨੂੰ ਗੁੰਮਰਾਹ ਕੀਤਾ ਸੀ।