ਮੈਲਬਰਨ : ਵਿਕਟੋਰੀਆ ’ਚ ਅਗਲੇ ਮਹੀਨੇ ਹੋਣ ਜਾ ਰਹੀਆਂ ਕੌਂਸਲਾਂ ਦੀਆਂ ਚੋਣਾਂ ਲਈ ਇਕ ਪੰਜਾਬੀ ਮੂਲ ਦੀ ਉਮੀਦਵਾਰ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਲਬਰਨ ਦੇ ਇਕ ਸਬਅਰਬ Casey ਲਈ ਕੌਂਸਲ ਦੀ ਉਮੀਦਵਾਰ ਜੈਮਲ ਕੌਰ ਵੱਲੋਂ ਚੋਣ ਪ੍ਰਚਾਰ ਲਈ ਲਗਾਏ ਗਏ ਪੋਸਟਰਾਂ ’ਤੇ ਕਿਸੇ ਨੇ ‘ਆਸਟ੍ਰੇਲੀਆ ਸਿਰਫ਼ ਆਸਟ੍ਰੇਲੀਅਨਾਂ ਲਈ ਹੈ’, ‘ਪਹਿਲਾਂ ਆਪਣੇ ਦੇਸ਼ ’ਚ ਜਾ ਕੇ ਉਸ ਨੂੰ ਸੁਧਾਰੋ’ ਵਰਗੀਆਂ ਨਸਲੀ ਟਿਪਣੀਆਂ ਕੀਤੀਆਂ ਹਨ। ਇਸ ਘਟਨਾ ਤੋਂ ਬਾਅਦ ਸ਼ੁਰੂ ’ਚ ਜੈਮਲ ਕੌਰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਪਰ ਹੁਣ ਉਸ ਨੇ ਕਿਹਾ ਹੈ ਕਿ ਉਹ ਇਸ ਹਮਲੇ ਤੋਂ ਡਰ ਕੇ ਪਿੱਛੇ ਨਹੀਂ ਹਟਣਗੇ ਅਤੇ ਚੋਣ ਪ੍ਰਚਾਰ ਕਰਦੇ ਰਹਿਣਗੇ। ਉਨ੍ਹਾਂ ਕਿਹਾ, ‘‘ਇਸੇ ਕਾਰਨ ਮੈਂ ਕੌਂਸਲਰ ਬਣਨਾ ਚਾਹੁੰਦੀ ਹਾਂ। ਮੈਂ ਵੰਡੀਆਂ ਨੂੰ ਘੱਟ ਕਰਨਾ ਚਾਹੁੰਦੀ ਹਾਂ ਅਤੇ ਵੰਨ-ਸੁਵੰਨਤਾ ਜ਼ਰੀਏ ਏਕਤਾ ਪੈਦਾ ਕਰਨਾ ਚਾਹੁੰਦੀ ਹਾਂ।’’
ਇਸ ਘਟਨਾ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਜੈਮਲ ਕੌਰ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਕਿਸੇ ਨੂੰ ਵੀ ਆਪਣੇ ਭਾਈਚਾਰੇ ਵਿਚ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਮੈਂ 44 ਸਾਲਾਂ ਤੋਂ ਇਸ ਸੁੰਦਰ ਦੇਸ਼ ਵਿੱਚ ਰਹਿ ਰਹੀ ਹਾਂ, ਜਦੋਂ ਮੈਂ 4 ਸਾਲ ਦੀ ਸੀ, ਅਤੇ ਨਫ਼ਰਤ ਦੀ ਇਹ ਕਾਰਵਾਈ ਮੇਰੇ ਅਤੇ ਮੇਰੇ ਪਰਿਵਾਰ ’ਤੇ ਸਿੱਧੇ ਹਮਲੇ ਵਾਂਗ ਮਹਿਸੂਸ ਹੁੰਦੀ ਹੈ।’’ ਹੋਰ ਪੋਸਟਰਾਂ ਨੂੰ ਟੁਕੜੇ-ਟੁਕੜੇ ਕਰ ਕੇ ਖਿਲਾਰ ਦਿੱਤਾ ਗਿਆ ਹੈ। ਜੈਮਲ ਕੌਰ ਨੇ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਮੈਨੂੰ ਦੱਸਿਆ ਹੈ ਕਿ ਮੈਂ ਆਸਟ੍ਰੇਲੀਆਈ ਨਹੀਂ ਹਾਂ। ਮੈਂ ਲੋਕ ਕੰਮ ਕਰਦੀ ਹਾਂ, ਮੈਂ ਲੋਕਲ ਕਾਰੋਬਾਰਾਂ ਦਾ ਸਮਰਥਨ ਕਰਦੀ ਹਾਂ, ਮੈਂ ਲੋਕਲ ਤੌਰ ’ਤੇ ਸਵੈਸੇਵੀ ਸੰਗਠਨਾਂ ਵਿੱਚ ਕੰਮ ਕਰਦੀ ਹਾਂ। ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਹੋਰ ਕਿੰਨਾ ਲੋਕਲ ਬਣਾਉਣਾ ਚਾਹੁੰਦੇ ਹੋ।’’
ਜੈਮਲ ਕੌਰ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ, ਜੋ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਕਟੋਰੀਆ ਪੁਲਿਸ ਨੇ ਕਿਹਾ ਕਿ ਵਿਕਟੋਰੀਆ ਪੁਲਿਸ ਕਿਸੇ ਵੀ ਰਾਜਨੀਤਿਕ ਜਾਂ ਨਸਲੀ ਤੌਰ ‘ਤੇ ਪ੍ਰੇਰਿਤ ਅਪਰਾਧ ਨੂੰ ਗੰਭੀਰਤਾ ਨਾਲ ਲੈਂਦੀ ਹੈ, ਜਿਸ ਵਿੱਚ ਨਸਲੀ ਟਿਪਣੀਆਂ ਲਿਖਣੀਆਂ ਵੀ ਸ਼ਾਮਲ ਹੈ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ, ਜਾਂ ਜਿਸ ਕੋਲ CCTV ਅਤੇ ਡੈਸ਼ਕੈਮ ਫੁਟੇਜ ਹੋ ਸਕਦੀ ਹੈ, ਨੂੰ 1800 333 000 ’ਤੇ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਵਿਰੋਧੀ ਉਮੀਦਵਾਰਾਂ ਸਮੇਤ ਭਾਈਚਾਰੇ ਨੇ ਜੈਮਲ ਕੌਰ ਨੂੰ ਉਤਸ਼ਾਹਿਤ ਅਤੇ ਸਮਰਥਨ ਕੀਤਾ ਹੈ। ਆਜ਼ਾਦੀ ਉਮੀਦਵਾਰ ਕਿਮ ਰੌਸ ਨੇ ਕਿਹਾ, ‘‘ਇਹ ਠੀਕ ਨਹੀਂ ਹੈ। ਸਾਡੇ ਭਾਈਚਾਰੇ ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ। ਮੈਨੂੰ ਬਹੁਤ ਅਫਸੋਸ ਹੈ ਕਿ ਤੁਹਾਨੂੰ ਇਸ ਦਾ ਅਨੁਭਵ ਕਰਨਾ ਪਿਆ।’’ ਇਕ ਹੋਰ ਆਜ਼ਾਦ ਉਮੀਦਵਾਰ ਅਰਬੇਲਾ ਡੈਨੀਅਲ ਨੇ ਵੀ ਜੈਮਲ ਕੌਰ ਨੂੰ ਮਜ਼ਬੂਤ ਰਹਿਣ ਅਤੇ ਆਪਣੀ ਸਕਾਰਾਤਮਕ ਮੁਹਿੰਮ ਜਾਰੀ ਰੱਖਣ ਲਈ ਕਿਹਾ। ਵਿਕਟੋਰੀਆ ਦੇ ਲੋਕ 7 ਅਕਤੂਬਰ ਤੋਂ 25 ਅਕਤੂਬਰ ਤੱਕ ਹੋਣ ਵਾਲੀਆਂ ਸਥਾਨਕ ਕੌਂਸਲ ਚੋਣਾਂ ਵਿੱਚ ਵੋਟ ਪਾਉਣਗੇ।