ਮੈਲਬਰਨ : ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਫ਼ੈਡਰਲ ਸਰਕਾਰ ਵੱਲੋਂ ਦਿੱਤੀ ਊਰਜਾ ਬਿੱਲ ਰਾਹਤ ਦੇ ਕਾਰਨ ਮਹੀਨਾਵਾਰ ਮਹਿੰਗਾਈ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ (ABS) ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਹਿੰਗਾਈ ਰੇਟ ਜੁਲਾਈ ਵਿੱਚ 3.5 ਫ਼ੀਸਦੀ ਤੋਂ ਘਟ ਕੇ ਅਗਸਤ ਵਿੱਚ 2.7 ਫ਼ੀਸਦੀ ਹੋ ਗਈ ਜੋ ਅਗਸਤ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਅੰਕੜਾ ਹੈ।
ਹਾਲਾਂਕਿ ਇਹ ਅੰਕੜਾ ਹੁਣ RBA ਦੇ 2-3 ਪ੍ਰਤੀਸ਼ਤ ਦੇ ਟੀਚੇ ਦੇ ਅੰਦਰ ਬੈਠਾ ਹੈ, ਪਰ ਇਸ ਨਾਲ ਛੇਤੀ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਇਹ ਅੰਕੜਾ ਸਰਕਾਰ ਵੱਲੋਂ ਬਿਜਲੀ ਦੇ ਬਿੱਲ ’ਤੇ ਦਿੱਤੀ ਛੋਟ ਕਾਰਨ ਸੰਭਵ ਹੋਇਆ ਹੈ। ਜੇਕਰ ਬਿਜਲੀ ਦੇ ਬਿੱਲ ’ਚ ਕਮੀ ਨੂੰ ਕੱਢ ਦਿਤਾ ਜਾਵੇਗਾ ਤਾਂ ਮਹਿੰਗਾਈ ਅਗਸਤ ’ਚ ਸਿਰਫ਼ 3.4 ਫ਼ੀਸਦੀ ਤਕ ਡਿੱਗੀ। ਹਾਲਾਂਕਿ ਇਹ ਫਿਰ ਵੀ ਜੁਲਾਈ ’ਚ 3.8 ਫ਼ੀ ਸਦੀ ਤੋਂ ਘੱਟ ਹੈ ਪਰ RBA ਨੂੰ ਕਰਜ਼ ਦਾ ਵਿਆਜ ਰੇਟ ਘਟਾਉਣ ਲਈ ਪ੍ਰਭਾਵਤ ਨਹੀਂ ਕਰ ਸਕੇਗਾ। ANZ ਦੀ ਸੀਨੀਅਰ ਅਰਥਸ਼ਾਸਤਰੀ Catherine Birch ਨੇ ਕਿਹਾ ਕਿ RBA ਦੇ ਅਗਲੇ ਸਾਲ ਫ਼ਰਵਰੀ ਤੋਂ ਪਹਿਲਾਂ ਵਿਆਜ ਰੇਟ ’ਚ ਕਟੌਤੀ ਦੀ ਉਮੀਦ ਨਹੀਂ ਹੈ।