ਮੈਲਬਰਨ : ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ Woolworths ਅਤੇ Coles ਦੇ ਖਿਲਾਫ ਦੋ ਮੁਕੱਦਮੇ ਦਾਇਰ ਕੀਤੇ ਹਨ, ਜਿਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸੈਂਕੜੇ ਉਤਪਾਦਾਂ ’ਤੇ ‘ਭਰਮ ਪਾਉਣ ਵਾਲੀਆਂ’ ਡਿਸਕਾਊਂਟ ਮੁਹਿੰਮਾਂ ਨਾਲ ਗਾਹਕਾਂ ਨੂੰ ਗੁੰਮਰਾਹ ਕੀਤਾ। ACCC ਦਾ ਦਾਅਵਾ ਹੈ ਕਿ ਸੁਪਰਮਾਰਕੀਟਾਂ ਨੇ ਥੋੜ੍ਹੇ ਸਮੇਂ ਲਈ ਕੀਮਤਾਂ ਵਿੱਚ ਘੱਟੋ-ਘੱਟ 15٪ ਦਾ ਵਾਧਾ ਕੀਤਾ, ਫਿਰ ਉਨ੍ਹਾਂ ਨੂੰ ‘ਡਿਕਾਊਂਟ’ ਵਾਲੀਆਂ ਕੀਮਤਾਂ ਤੱਕ ਘਟਾ ਦਿੱਤਾ ਜੋ ਅਜੇ ਵੀ ਅਸਲ ਕੀਮਤ ਤੋਂ ਵੱਧ ਜਾਂ ਬਰਾਬਰ ਸਨ।
ਪ੍ਰਭਾਵਿਤ ਉਤਪਾਦਾਂ ਵਿੱਚ Arnott’s, Dolmio, Kellogg’s, ਅਤੇ Listerine ਵਰਗੇ ਮਸ਼ਹੂਰ ਬ੍ਰਾਂਡ ਸ਼ਾਮਲ ਹਨ। ACCC ਦਾ ਦੋਸ਼ ਹੈ ਕਿ Woolworths ਨੇ 20 ਮਹੀਨਿਆਂ (ਸਤੰਬਰ 2021-ਮਈ 2023) ਵਿੱਚ 266 ਉਤਪਾਦਾਂ ’ਤੇ ਅਜਿਹਾ ਕੀਤਾ। Coles ਨੇ 15 ਮਹੀਨਿਆਂ (ਫਰਵਰੀ 2022-ਮਈ 2023) ਵਿੱਚ 245 ਉਤਪਾਦਾਂ ’ਤੇ ਅਜਿਹਾ ਕੀਤਾ। ਲੱਖਾਂ ਪ੍ਰਭਾਵਿਤ ਉਤਪਾਦ ਵੇਚੇ ਗਏ, ਜਿਸ ਨਾਲ ਦੋਹਾਂ ਕੰਪਨੀਆਂ ਨੂੰ ਵੱਡੀ ਆਮਦਨ ਹੋਈ।
ACCC ਨੇ ਅਦਾਲਤ ’ਚ ਦੋਹਾਂ ਕੰਪਨੀਆਂ ’ਤੇ ਜੁਰਮਾਨੇ ਲਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਦੋਹਾਂ ਕੰਪਨੀਆਂ ਨੂੰ ਲੋੜਵੰਦ ਆਸਟ੍ਰੇਲੀਆਈ ਲੋਕਾਂ ਲਈ ਭੋਜਨ ਡਿਲੀਵਰੀ ਪ੍ਰੋਗਰਾਮਾਂ ਲਈ ਫੰਡਿੰਗ ਦਾ ‘ਕਮਿਊਨਿਟੀ ਸਰਵਿਸ ਆਰਡਰ’ ਦਿੱਤਾ ਜਾਵੇ। Coles ਨੇ ਕਿਹਾ ਹੈ ਕਿ ਉਹ ਅਦਾਲਤੀ ਕਾਰਵਾਈ ਦਾ ਬਚਾਅ ਕਰਨ ਦਾ ਇਰਾਦਾ ਰੱਖਦੇ ਹਨ। ਕੰਪਨੀ ਨੇ ਕਿਹਾ ਕਿ ਉਸ ਨੇ ਗਾਹਕਾਂ ਨੂੰ ਮੁੱਲ ਦੀ ਪੇਸ਼ਕਸ਼ ਦੇ ਨਾਲ ਲਾਗਤ ਕੀਮਤਾਂ ਵਿੱਚ ਵਾਧੇ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦਕਿ Woolworths ਨੇ ਕਿਹਾ ਹੈ ਕਿ ਉਹ ACCC ਨਾਲ ਸੰਪਰਕ ਸਾਧਣਗੇ।