ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਦੀ ਆਪਣੇ ਡੇਲਾਵੇਅਰ ਦੇ ਵਿਲਮਿੰਗਟਨ ਸਥਿਤ ਨਿੱਜੀ ਘਰ ’ਚ ਮੇਜ਼ਬਾਨੀ ਕੀਤੀ। ਇਹ ਇਤਿਹਾਸਕ ਮੁਲਾਕਾਤ ਪਹਿਲੀ ਵਾਰ ਹੈ ਜਦੋਂ ਕਿਸੇ ਵਿਦੇਸ਼ੀ ਨੇਤਾ ਨੇ Biden ਦੇ ਘਰ ਦਾ ਦੌਰਾ ਕੀਤਾ ਹੈ। ਦੋਹਾਂ ਨੇਤਾਵਾਂ ਨੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਵੀ ਕੀਤਾ। ਅਲਬਾਨੀਜ਼ ਨੇ ਬਾਈਡੇਨ ਨੂੰ ਰਾਇਲ ਆਸਟ੍ਰੇਲੀਆਈ ਏਅਰ ਫੋਰਸ ਦੀ ਅਧਿਕਾਰਤ ਫਲਾਈਟ ਜੈਕੇਟ ਦਿੱਤੀ ਅਤੇ ਬਾਈਡੇਨ ਨੇ ਅਲਬਾਨੀਜ਼ ਨੂੰ ਡੇਲਾਵੇਅਰ ਦੇ ਇਤਿਹਾਸਕ ਸਥਾਨਾਂ ਦੀ ਇੱਕ ਫਰੇਮ ਕੀਤੀ ਕਲਾਕਾਰੀ ਭੇਟ ਕੀਤੀ।
ਇਹ ਬੈਠਕ ਸਾਲਾਨਾ Quad ਬੈਠਕ ਤੋਂ ਪਹਿਲਾਂ ਹੋ ਰਹੀ ਹੈ, ਜਿਸ ਵਿਚ ਭਾਰਤ ਅਤੇ ਜਾਪਾਨ ਵੀ ਸ਼ਾਮਲ ਹਨ, ਜਿਸ ਦਾ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਹੈ। ਬਾਈਡੇਨ ਦੇ ਸਾਬਕਾ ਹਾਈ ਸਕੂਲ ਆਰਚਮੇਰ ਅਕੈਡਮੀ ’ਚ ਹੋਣ ਜਾ ਰਹੀ Quad ਬੈਠਕ ’ਚ ਬਾਈਡੇਨ ਦੀ ‘ਕੈਂਸਰ ਮੂਨਸ਼ਾਟ’ ਪਹਿਲ ਕਦਮੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ‘ਚ ਗੈਰ-ਕਾਨੂੰਨੀ ਮੱਛੀ ਫੜਨ ਨਾਲ ਨਜਿੱਠਣ ਲਈ ਸਹਿਯੋਗ ਦੇ ਐਲਾਨ ’ਤੇ ਵੀ ਚਰਚਾ ਹੋਵੇਗੀ।