Ghost Network Phone ਦਾ ਪਰਦਾਫ਼ਾਸ਼, ਆਸਟ੍ਰੇਲੀਆਈ ਵੱਲੋਂ ਚਲਾਏ ਜਾ ਰਹੇ ਆਲਮੀ ਨੈੱਟਵਰਕ ਨਾਲ ਹੁਣ ਤਕ ਲੁਕਿਆ ਰਿਹਾ ਸੀ ਅਪਰਾਧ ਜਗਤ

ਮੈਲਬਰਨ : ਆਸਟ੍ਰੇਲੀਆਈ ਪੁਲਿਸ ਨੇ Ghost ਨਾਮਕ ਇੱਕ ਐਨਕ੍ਰਿਪਟਿਡ ਗਲੋਬਲ ਸੰਚਾਰ ਐਪ ਦਾ ਪਰਦਾਫਾਸ਼ ਕੀਤਾ ਹੈ। ਇਹ ਐਪ ਅਪਰਾਧੀਆਂ ਲਈ ਵਿਕਸਿਤ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆਈ ਫੈਡਰਲ ਪੁਲਿਸ ਦੇ ਡਿਪਟੀ ਕਮਿਸ਼ਨਰ ਇਯਾਨ ਮੈਕਕਾਰਟਨੀ ਨੇ ਇਹ ਜਾਣਕਾਰੀ ਦਿੱਤੀ।

Ghost Service ਪਹਿਲੀ ਵਾਰ 2021 ’ਚ ਸਾਹਮਣੇ ਆਈ ਸੀ ਜਦੋਂ ਇਸ ਸੇਵਾ ਨਾਲ ਲੈਸ ਸਮਾਰਟਫੋਨ ’ਚ ਇਨਬਿਲਟ Ghost App ਨੈੱਟਵਰਕ ਸੀ। ਯੂਰਪੀਅਨ ਯੂਨੀਅਨ (EU) ਦੀ ਸੰਯੁਕਤ ਪੁਲਿਸ ਏਜੰਸੀ ‘ਯੂਰੋਪੋਲ’ ਅਨੁਸਾਰ, ਅਪਰਾਧੀਆਂ ਨੇ Ghost App ਡਾਊਨਲੋਡ ਨਹੀਂ ਕੀਤੀ, ਬਲਕਿ ਉਨ੍ਹਾਂ ਨੇ ਇੱਕ ਵਿਸ਼ੇਸ਼ ਨੈਟਵਰਕ ਤੋਂ ਸਮਾਰਟਫੋਨ ਖਰੀਦੇ। ਇਸ ਨੈੱਟਵਰਕ ਵਿੱਚ ਫ਼ੋਨ ਪ੍ਰਾਪਤ ਕਰਨ ਲਈ ਕਿਸੇ ID ਦੀ ਲੋੜ ਨਹੀਂ ਸੀ। ਇਕ ਵਾਰ ਚਾਲੂ ਹੋਣ ਤੋਂ ਬਾਅਦ, ਕਿਸੇ ਨੂੰ ਵੀ ਇਨ੍ਹਾਂ ਫੋਨ ਉਪਭੋਗਤਾਵਾਂ ਬਾਰੇ ਪਤਾ ਨਹੀਂ ਸੀ।

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਐਪ ਨੂੰ 32 ਸਾਲ ਦੇ Jay Je Yoon Jung ਨੇ ਬਣਾਇਆ। ਉਹ ਬੁੱਧਵਾਰ ਨੂੰ ਸਿਡਨੀ ਦੀ ਇਕ ਅਦਾਲਤ ਵਿਚ ਪੇਸ਼ ਹੋਇਆ। ਉਸ ’ਤੇ ਅਪਰਾਧਿਕ ਸੰਗਠਨ ਦਾ ਸਮਰਥਨ ਕਰਨ ਅਤੇ ਅਪਰਾਧ ਦੀ ਕਮਾਈ ਤੋਂ ਮੁਨਾਫਾ ਕਮਾਉਣ ਸਮੇਤ ਹੋਰ ਦੋਸ਼ ਲਗਾਏ ਗਏ ਹਨ। ਜੰਗ ਨੇ ਜ਼ਮਾਨਤ ’ਤੇ ਆਪਣੀ ਰਿਹਾਈ ਲਈ ਬੇਨਤੀ ਜਾਂ ਅਰਜ਼ੀ ਨਹੀਂ ਦਿੱਤੀ। ਉਹ ਉਦੋਂ ਤੱਕ ਸਲਾਖਾਂ ਪਿੱਛੇ ਰਹੇਗਾ ਜਦੋਂ ਤੱਕ ਉਸ ਦਾ ਕੇਸ ਨਵੰਬਰ ਵਿੱਚ ਅਦਾਲਤ ਵਿੱਚ ਵਾਪਸ ਨਹੀਂ ਆ ਜਾਂਦਾ।

ਯੂਰੋਪੋਲ ਦਾ ਦਾਅਵਾ ਹੈ ਕਿ Ghost Network Phone ’ਚ ਜਾਣਕਾਰੀ ਨੂੰ ਨਿੱਜੀ ਰੱਖਣ ਲਈ ‘ਸੈਲਫ-ਡਿਲੀਟ ਆਲ ਮੈਸੇਜ’ ਅਤੇ ‘ਰਿਮੋਟਲੀ ਫੋਨ ਰੀਸੈੱਟ’ ਵਰਗੇ ਬਦਲ ਹੁੰਦੇ ਹਨ। ਜੇ ਪੁਲਿਸ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਇਹ ਫ਼ੋਨ ਜ਼ਬਤ ਵੀ ਕੀਤਾ ਜਾਂਦਾ ਹੈ, ਤਾਂ ਵੀ ਸੰਦੇਸ਼ਾਂ ਨੂੰ ਰਿਮੋਟ ਤੋਂ ਮਿਟਾਇਆ ਜਾ ਸਕਦਾ ਸੀ ਜਾਂ ਪੂਰੇ ਫੋਨ ਦਾ ਸਾਰਾ ਡੇਟਾ ਗੁੰਮ ਹੋ ਸਕਦਾ ਸੀ।

Ghost Network ਰਾਹੀਂ ਹਰ ਰੋਜ਼ ਲਗਭਗ 1,000 ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਸੀ। ਯੂਰੋਪੋਲ ਦੇ ਉਪ ਕਾਰਜਕਾਰੀ ਨਿਰਦੇਸ਼ਕ ਜੀਨ-ਫਿਲਿਪ ਲੇਕੋਫ ਨੇ ਕਿਹਾ, ‘‘ਇਹ ਸਾਧਨ ਉਦਯੋਗਿਕ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੇ ਸੌਦੇ, ਬਹੁਤ ਜ਼ਿਆਦਾ ਹਿੰਸਾ ਅਤੇ ਮਨੀ ਲਾਂਡਰਿੰਗ ਦੀ ਸਹੂਲਤ ਦੇ ਰਿਹਾ ਸੀ।’’

ਯੂਰਪੀਅਨ ਪੁਲਿਸ ਏਜੰਸੀ ਦੇ ਖੁਫੀਆ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਇਸ ਨੈਟਵਰਕ ਵਿੱਚ ਦਾਖਲਾ ਪ੍ਰਾਪਤ ਕੀਤਾ। ਇਸ ਤੋਂ ਬਾਅਦ ਪਤਾ ਲੱਗਾ ਕਿ ਨੈੱਟਵਰਕ ਦੇ ਜ਼ਿਆਦਾਤਰ ਯੂਜ਼ਰਸ ਫਰਾਂਸ ਅਤੇ ਆਈਸਲੈਂਡ ‘ਚ ਲੁਕੇ ਹੋਏ ਹਨ। ਇਸ ਦਾ ਸੰਸਥਾਪਕ ਆਸਟ੍ਰੇਲੀਆ ਵਿੱਚ ਹੈ ਅਤੇ ਪੈਸੇ ਦਾ ਲੈਣ-ਦੇਣ ਅਮਰੀਕਾ ਵਿੱਚ ਕੀਤਾ ਜਾ ਰਿਹਾ ਸੀ। ਹੁਣ ਤੱਕ 51 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਭ ਤੋਂ ਵੱਧ ਗ੍ਰਿਫਤਾਰੀਆਂ ਆਸਟ੍ਰੇਲੀਆ ਵਿੱਚ ਹੋਈਆਂ ਹਨ। ਯੂਰੋਪੋਲ ਅਨੁਸਾਰ, ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਨਾਲ ਇਸ ਨੈਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ।