ਮੈਲਬਰਨ : ਆਸਟ੍ਰੇਲੀਆ ਨੇ 17 ਅਗਸਤ ਨੂੰ ਆਪਣਾ 75ਵਾਂ ਨਾਗਰਿਕਤਾ ਦਿਹਾੜਾ (Citizenship’s 75th Anniversary) ਮਨਾਇਆ। ਇਸੇ ਦਿਨ 1949 ਵਿੱਚ ਆਸਟ੍ਰੇਲੀਆਈ ਨਾਗਰਿਕ ਬਣਨ ਵਾਲੇ ਲੋਕਾਂ ਦੇ ਸਭ ਤੋਂ ਵੱਡਾ ਸਮੂਹ ਇਟਲੀ ਦੇ ਪ੍ਰਵਾਸੀ ਲੋਕਾਂ ਦਾ ਸੀ। ਉਸ ਸਾਲ 35 ਦੇਸ਼ਾਂ ਦੇ ਲਗਭਗ 2,500 ਪ੍ਰਵਾਸੀਆਂ ਨੇ ਨਾਗਰਿਕਤਾ ਪ੍ਰਾਪਤ ਕੀਤੀ ਸੀ। ਪਰ ਜੇਕਰ 2024 ਦੀ ਗੱਲ ਕਰੀਏ ਤਾਂ ਭਾਰਤੀ ਅਤੇ ਨਿਊਜ਼ੀਲੈਂਡ ਵਾਸੀ ਚੋਟੀ ਦੇ ਸਥਾਨ ਲਈ ਮੁਕਾਬਲਾ ਕਰ ਰਹੇ ਹਨ। 31 ਅਗਸਤ, 2024 ਤੱਕ 15,000 ਤੋਂ ਵੱਧ ਭਾਰਤੀ ਅਤੇ 16,000 ਨਿਊਜ਼ੀਲੈਂਡ ’ਚ ਜਨਮੇ ਲੋਕ ਆਸਟ੍ਰੇਲੀਆ ਦੇ ਨਾਗਰਿਕ ਬਣ ਗਏ ਹਨ।
26 ਜਨਵਰੀ, 1949 ਨੂੰ ਰਾਸ਼ਟਰੀਅਤਾ ਅਤੇ ਨਾਗਰਿਕਤਾ ਐਕਟ 1948 ਦੇ ਲਾਗੂ ਹੋਣ ਤੋਂ ਬਾਅਦ ਆਸਟ੍ਰੇਲੀਆ ਦੇ ਨਾਗਰਿਕਤਾ ਦੇ ਦ੍ਰਿਸ਼ ਵਿੱਚ ਮਹੱਤਵਪੂਰਣ ਤਬਦੀਲੀਆਂ ਆਈਆਂ ਹਨ। ਉਸ ਸਮੇਂ, ਬ੍ਰਿਟਿਸ਼ ਲੋਕ, ਜੋ ਆਸਟ੍ਰੇਲੀਆ ਵਿੱਚ ਪੈਦਾ ਹੋਏ ਸਨ, ਜਾਂ ਪੰਜ ਸਾਲਾਂ ਤੋਂ ਆਸਟ੍ਰੇਲੀਆ ’ਚ ਰਹਿ ਰਹੇ ਸਨ, ਆਪਣੇ ਆਪ ਹੀ ਆਸਟ੍ਰੇਲੀਆਈ ਨਾਗਰਿਕ ਬਣ ਗਏ। ਆਸਟ੍ਰੇਲੀਆਈ ਨਾਗਰਿਕ ਬਣਨ ਵਾਲਾ ਪਹਿਲਾ ਗੈਰ-ਬ੍ਰਿਟਿਸ਼ ਪਾਤਰ Jandura Pucek ਸੀ, ਜੋ ਇੱਕ ਚੈੱਕ ਪ੍ਰਵਾਸੀ ਸੀ ਜੋ ਕੈਨਬਰਾ ਵਿੱਚ ਵਸ ਗਿਆ ਸੀ।