ਮੈਲਬਰਨ : ਆਸਟ੍ਰੇਲੀਆ ਸਰਕਾਰ ਇੱਕ ਕਾਨੂੰਨ ਬਣਾਉਣ ਜਾ ਰਹੀ ਹੈ ਜਿਸ ਹੇਠ ਆਨਲਾਈਲ ਗ਼ਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ’ਚ ਅਸਫ਼ਲ ਰਹਿਣ ’ਤੇ ਇੰਟਰਨੈੱਟ ਪਲੇਟਫ਼ਾਰਮਾਂ ’ਤੇ ਉਨ੍ਹਾਂ ਦੇ ਆਲਮੀ ਆਮਦਨ ਦਾ 5% ਤਕ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤਰ੍ਹਾਂ ਆਸਟ੍ਰੇਲੀਆ ਵੀ ਫ਼ੇਸਬੁੱਕ, X ਅਤੇ TikTok ਵਰਗੀਆਂ ਤਕਨੀਕੀ ਦਿੱਗਜ ਕੰਪਨੀਆਂ ’ਤੇ ਲਗਾਮ ਲਗਾਉਣ ਲਈ ਵਿਸ਼ਵਵਿਆਪੀ ਮੁਹਿੰਮ ’ਚ ਸ਼ਾਮਲ ਹੋ ਗਿਆ ਹੈ।
ਪਰ ਇਸ ਤੋਂ ਵਿਚਾਰਾਂ ਦੇ ਆਜ਼ਾਦ ਪ੍ਰਗਟਾਵੇ ਦੇ ਹਮਾਇਤੀ ਨਾਰਾਜ਼ ਹੋ ਗਏ ਹਨ। X ਦੇ ਮਾਲਕ Elon Musk ਆਸਟ੍ਰੇਲੀਆ ਸਰਕਾਰ ਦੇ ਫੈਸਲੇ ਨੂੰ ‘ਫਾਸੀਵਾਦੀ’ ਕਰਾਰ ਦਿੱਤਾ ਹੈ। ਹਾਲਾਂਕਿ ਇਹ ਬਿੱਲ ਅਜੇ ਸੰਸਦ ’ਚ ਪਾਸ ਨਹੀਂ ਹੋ ਸਕਿਆ ਹੈ, ਪਰ ਆਸਟ੍ਰੇਲੀਆ ਦੀ ਸੰਚਾਰ ਮੰਤਰੀ Michelle Rowland ਨੇ ਕਿਹਾ ਹੈ, ‘‘ਗ਼ਲਤ ਸੂਚਨਾ ਆਸਟ੍ਰੇਲੀਆਈ ਲੋਕਾਂ ਅਤੇ ਸਾਡੇ ਲੋਕਤੰਤਰ, ਸਮਾਜ ਤੇ ਆਰਥਿਕਤਾ ਲਈ ਗੰਭੀਰ ਖ਼ਤਰਾ ਹੈ। ਅਸੀਂ ਇਸ ਬਾਰੇ ਅੱਖਾਂ ਬੰਦ ਕਰ ਕੇ ਬੈਠੇ ਨਹੀਂ ਰਹਿ ਸਕਦੇ।’’